ਹੁਣ ਬੈਂਕਾਂ ਨੇ 100 ਦੇ ਨਵੇਂ ਨੋਟ ਵੀ ਵਰਤੋਂ ‘ਚ ਲਿਆਉਣੇ ਸ਼ੁਰੂ ਕਰ ਦਿੱਤੇ ਹਨ। ਜੀ ਹਾਂ, ਬੈਂਕਾਂ ਦੇ ਨਾਲ-ਨਾਲ 100 ਰੁਪਏ ਦੇ ਨਵੇਂ ਨੋਟ ਏਟੀਐਮ ਮਸ਼ੀਨਾਂ ‘ਚ ਵੀ ਆਉਣੇ ਸ਼ੁਰੂ ਹੋ ਗਏ ਹਨ। ਨਵੇਂ ਨੋਟ ਦੇਖਣ ਨੂੰ ਕਾਫੀ ਆਕਰਸ਼ਕ ਹਨ ਜੋ ਜਾਮਨੀ ਰੰਗ ਦੇ ਹਨ। ਇਸ ਦੇ ਨਾਲ ਨਵੇਂ ਨੋਟ ਪੁਰਾਣੇ ਨੋਟਾਂ ਨਾਲੋਂ ਸਾਈਜ਼ ‘ਚ ਵੀ ਕੁਝ ਛੋਟੇ ਹਨ।
ਇੰਝ ਕਰੋ ਅਸਲੀ-ਨਕਲੀ ਦੀ ਪਛਾਣ:
- ਆਰਬੀਆਈ ਮੁਤਾਬਕ ਤੁਹਾਨੂੰ 100 ਰੁਪਏ ਦੇ ਨਵੇਂ ਨੋਟ ਦੇ ਸਾਹਮਣੇ ਵਾਲੇ ਹਿੱਸੇ ‘ਚ ਹਿੰਦੀ ‘ਚ 100 ਲਿਖਿਆ ਨਜ਼ਰ ਆਵੇਗਾ।
- ਨੋਟ ਦੇ ਕੇਂਦਰ ‘ਚ ਮਹਾਤਮਾ ਗਾਂਧੀ ਦੀ ਫੋਟੋ ਹੈ ਤੇ ਨਾਲ ਹੀ ਛੋਟੇ ਅੱਖਰਾਂ ‘ਚ ਆਰਬੀਆਈ, ਭਾਰਤ ਤੇ 100 ਲਿਖਿਆ ਵੀ ਨਜ਼ਰ ਆਵੇਗਾ।
- ਨਵੇਂ ਨੋਟ ‘ਚ ਕਲਰ ਸ਼ਿਫਟ ਵੀ ਦੇਖਣ ਨੂੰ ਮਿਲੇਗਾ। ਜਦੋਂ ਤੁਸੀਂ ਨੋਟ ਨੂੰ ਮੋੜੋਗੇ ਤਾਂ ਧਾਗੇ ਦਾ ਰੰਗ ਹਰੇ ਤੋਂ ਨੀਲਾ ਹੋ ਜਾਵੇਗਾ।
- ਮਹਾਤਮਾ ਗਾਂਧੀ ਦੀ ਫੋਟੋ ‘ਚ ਸੱਜੇ ਪਾਸੇ ਗ੍ਰੰਟੀ ਖੰਡ, ਵਾਅਦਾ ਤੇ ਨਾਲ ਗਵਰਨਰ ਦੇ ਸਾਈਨ ਦੇ ਨਾਲ ਆਰਬੀਆਈ ਦਾ ਪ੍ਰਤੀਕ ਵੀ ਹੈ।
- ਨੋਟ ਦੇ ਪਿੱਛੇ-ਖੱਬੇ ਪਾਸੇ ਮੁਦਰਣ ਨਿਸ਼ਾਨ, ਨਾਅਰੇ ਦੇ ਨਾਲ ਸਵੱਛ ਭਾਰਤ ਦਾ ਨਿਸ਼ਾਨ, ਭਾਸ਼ਾ ਪੈਨਲ, ‘ਰਾਣੀ ਦੀ ਵਾਵ’ ਦੀ ਫੋਟੋ ਤੇ ਹਿੰਦੀ ‘ਚ 100 ਲਿਖਿਆ ਵੀ ਮਿਲੇਗਾ।
ਜੇਕਰ ਤੁਸੀਂ 100 ਰੁਪਏ ਦੇ ਨੋਟ ਵਿੱਚ ਇਨ੍ਹਾਂ ਨਿਸ਼ਾਨੀਆਂ ਨੂੰ ਯਾਦ ਨਹੀਂ ਰੱਖ ਸਕਦੇ ਤਾਂ ਤੁਸੀ ਆਰਬੀਆਈ ਦੀ ਵੈਬਸਾਈਟ `'paisaboltahai.rbi.org.in' ‘ਤੇ ਨੋਟਾਂ ਬਾਰੇ ਜਾਣਕਾਰੀਆਂ ਪੜ੍ਹ ਸਕਦੇ ਹੋ। ਨਵੇਂ ਨੋਟਾਂ ਦੇ ਵਰਤੋਂ ‘ਚ ਆਉਣ ਦੇ ਨਾਲ ਹੀ ਨਕਲੀ ਨੋਟਾਂ ਦੇ ਵੀ ਨਾਲ ਆਉਣ ਦੀ ਗੁੰਜਾਇਸ ਵਧ ਜਾਂਦੀ ਹੈ। ਇਸ ਕਰਕੇ ਲੋਕਾਂ ਨੂੰ ਅਸਲੀ-ਨਕਲੀ ਨੋਟ ਦੀ ਪਛਾਣ ਹੋਣੀ ਜ਼ਰੂਰੀ ਹੈ।