ਨਵੀਂ ਦਿੱਲੀ: ਦਿੱਲੀ ਦੀ ਸੀਮਾ ਉੱਤੇ ਮੌਜੂਦ ਕਿਸਾਨ ਅੰਦੋਲਨ ਦੇ ਅੱਜ ਨੌਂਵੇਂ ਦਿਨ ਦਿੱਲੀ ਦੇ ਬਾਰਡਰ ਉੱਤੇ ਸੁਰੱਖਿਆ ਵਿਵਸਥਾ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਵੱਖਰੀ ਨਜ਼ਰ ਆਈ। ਹੁਣ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਥਾਂ ਆਰਏਐਫ਼ ਭਾਵ ‘ਰੈਪਿਡ ਐਕਸ਼ਨ ਫ਼ੋਰਸ’ ਨੇ ਲੈ ਲਈ ਹੈ। ਇਸ ਫ਼ੋਰਸ ਨੇ ਸੁਰੱਖਿਆ ਦੇ ਇੰਤਜ਼ਾਮ ਵੀ ਹੋਰ ਪੁਖ਼ਤਾ ਕਰ ਦਿੱਤੇ ਹਨ।


ਦਿੱਲੀ ਦੇ ਟਿਕਰੀ ਬਾਰਡਰ ਉੱਤੇ ਕਿਸਾਨ ਅੰਦੋਲਨ ਦੇ ਸ਼ੁਰੂਆਤੀ 8 ਦਿਨਾਂ ਦੌਰਾਨ ਜਿੱਥੇ ਦਿੱਲੀ ਪੁਲਿਸ ਨੇ ਮੁੱਖ ਤੌਰ ਉੱਤੇ ਮੋਰਚਾ ਸੰਭਾਲਿਆ ਹੋਇਆ ਸੀ, ਤਾਂ ਅੱਜ ਨੌਵੇਂ ਦਿਨ ਦੀ ਸਵੇਰ ਤੋਂ ਹੀ ਦਿੱਲੀ ਪੁਲਿਸ ਦੀ ਥਾਂ ਰੈਪਿਡ ਐਕਸ਼ਨ ਫ਼ੋਰਸ ਤਾਇਨਾਤ ਕਰ ਦਿੱਤੀ ਗਈ ਪਰ ਦਿੱਲੀ ਪੁਲਿਸ ਨੂੰ ਪੂਰੀ ਤਰ੍ਹਾਂ ਹਟਾਇਆ ਵੀ ਨਹੀਂ ਗਿਆ ਹੈ। ਟਿਕਰੀ ਬਾਰਡਰ ’ਤੇ ਸੁਰੱਖਿਆ ਦੀ ਜ਼ਿੰਮੇਵਾਰੀ ਮਿਲਦਿਆਂ ਹੀ ਰੈਪਿਡ ਐਕਸ਼ਨ ਫ਼ੋਰਸ ਨੇ ਵੱਖਰੇ ਬੈਰੀਕੇਡ ਵੀ ਬਣਾਉਣੇ ਸ਼ੁਰੂ ਕਰ ਦਿੱਤੇ। ਦਿੱਲੀ ਪੁਲਿਸ ਦੇ ਬੈਰੀਕੇਡ ਲੋਹੇ ਦੇ ਸਨ ਪਰ RAF ਦੇ ਬੈਰੀਕੇਡ ਸੀਮਿੰਟ ਦੇ ਵੱਡੇ-ਵੱਡੇ ਬਲਾਕ ਹਨ, ਜੋ ਸੜਕ ਦੇ ਐਨ ਵਿਚਕਾਰ ਰੱਖੇ ਗਏ ਹਨ।


ਦਰਅਸਲ, ਕਿਸਾਨ ਜਦੋਂ ਦਿੱਲੀ ਵਿੱਚ ਦਾਖ਼ਲ ਹੋ ਰਹੇ ਸਨ, ਤਦ ਹਰਿਆਣਾ ਸਰਕਾਰ ਨੇ ਜਦੋਂ ਉਨ੍ਹਾਂ ਨੂੰ ਰੋਕਣ ਦਾ ਕੋਸ਼ਿਸ਼ ਕੀਤੀ ਸੀ, ਤਾਂ ਕਿਸਾਨਾਂ ਨੇ ਉਹ ਸਾਰੇ ਬੈਰੀਕੇਡ ਆਸਾਨੀ ਨਾਲ ਹਟਾ ਦਿੱਤੇ ਸਨ। ਇਸੇ ਲਈ ਹੁਣ ਰੈਪਿਡ ਐਕਸ਼ਨ ਫ਼ੋਰਸ ਨੇ ਕੰਕ੍ਰੀਟ ਬਲਾੱਕ ਸੜਕ ਉੱਤੇ ਕ੍ਰੇਨ ਦੀ ਮਦਦ ਨਾਲ ਲਾ ਕੇ ਇੱਕ ਮਜ਼ਬੂਤ ਬੈਰੀਕੇਡਿੰਗ ਦਾ ਇੰਤਜ਼ਾਮ ਕੀਤਾ ਹੈ। ਪ੍ਰਸ਼ਾਸਨ ਵੱਲੋਂ RAF ਨੂੰ ਤਾਇਨਾਤ ਕਰਨ ਦਾ ਇੱਕ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿਉਂਕਿ ਪਿਛਲੇ ਚਾਰ ਦਿਨਾਂ ਦੌਰਾਨ ਦੋ ਵਾਰ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਸਫ਼ਲ ਨਹੀਂ ਹੋ ਸਕੀ ਹੈ। ਕੁਝ ਕਿਸਾਨ ਜਥੇਬੰਦੀਆਂ ਨਾਅਰੇਬਾਜ਼ੀ ਵੀ ਕਰਦੀਆਂ ਰਹੀਆਂ ਹਨ ਕਿ ਜੇ ਸਰਕਾਰ ਨੇ ਗੱਲ ਨਾ ਮੰਨੀ, ਤਾਂ ਉਹ ਦਿੱਲੀ ’ਚ ਦਾਖ਼ਲ ਹੋ ਜਾਣਗੇ।


ਕਿਸਾਨ ਅੰਦੋਲਨ 'ਤੇ ਲਟਕ ਸਕਦੀ ਸੁਪਰੀਮ ਕੋਰਟ ਦੀ ਤਲਵਾਰ, ਪਟੀਸ਼ਨ ਦਾਇਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ