ਨਵੀਂ ਦਿੱਲੀ: ਗੈਸ ਸਿਲੰਡਰ ਬੁੱਕ ਕਰਨਾ ਕਈ ਵਾਰ ਇੰਨੀ ਵੱਡੀ ਸਿਰਦਰਦੀ ਬਣ ਜਾਂਦਾ ਹੈ ਕਿ ਬੰਦਾ ਤੌਬਾ ਕਰ ਦਿੰਦਾ ਹੈ। ਘਰੋਂ ਦੂਰ ਰਹਿਣ ਵਾਲਿਆਂ ਲਈ ਇਹ ਹੋਰ ਵੀ ਵੱਡੀ ਸਮੱਸਿਆ ਹੋ ਜਾਂਦੀ ਹੈ, ਕਿਉਂਕਿ ਉੱਥੇ ਉਨ੍ਹਾਂ ਕੋਲ ਰਿਹਾਇਸ਼ ਦਾ ਪਤਾ ਜਾਂ ਕੋਈ ਦਸਤਾਵੇਜ਼ ਨਹੀਂ ਹੁੰਦਾ। ਅਜਿਹੇ ਵਿੱਚ ਕੇਂਦਰ ਸਰਕਾਰ ਨੇ ਕੁਝ ਅਹਿਮ ਬਦਲਾਅ ਕੀਤੇ ਹਨ, ਜਿਸ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ।


ਸਭ ਤੋਂ ਪਹਿਲਾ ਬਦਲਾਅ ਇਹ ਕੀਤਾ ਗਿਆ ਹੈ ਕਿ ਹੁਣ ਸਿਰਫ ਇੱਕ ਨਹੀਂ ਬਲਕਿ ਤਿੰਨ ਡੀਲਰਾਂ ਤੋਂ ਸਿਲੰਡਰ ਬੁੱਕ ਕੀਤਾ ਜਾ ਸਕਦਾ ਹੈ। ਕਈ ਵਾਰ ਗੈਸ ਏਜੰਸੀਆਂ ਕੋਲ ਗਾਹਕ ਜ਼ਿਆਦਾ ਹੁੰਦੇ ਹਨ ਤੇ ਉਹ ਮੰਗ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੁੰਦੇ। ਇਸ ਲਈ ਹੁਣ ਰਸੋਈ ਗੈਸ ਸਿਲੰਡਰ ਤਿੰਨ ਥਾਵਾਂ ਤੋਂ ਬੁੱਕ ਕੀਤਾ ਜਾ ਸਕਦਾ ਹੈ।


ਤੇਲ ਸਕੱਤਰ ਤਰੁਣ ਕਪੂਰ ਨੇ ਕਿਹਾ ਹੈ ਕਿ ਸਰਕਾਰ ਹੁਣ ਘੱਟ ਦਸਤਾਵੇਜ਼ ਉੱਪਰ ਵੀ ਰਸੋਈ ਗੈਸ ਕੁਨੈਕਸ਼ਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਪੂਰ ਮੁਤਾਬਕ ਬਦਲੇ ਨਿਯਮਾਂ ਵਿੱਚ ਹੁਣ ਰਿਹਾਇਸ਼ੀ ਦਸਤਾਵੇਜ਼ ਯਾਨੀ ਕਿ ਐਡ੍ਰੈਸ ਪਰੂਫ ਤੋਂ ਬਗ਼ੈਰ ਕੁਨੈਕਸ਼ਨ ਦੇਣ ਦੀ ਯੋਜਨਾ ਚੱਲ ਰਹੀ ਹੈ।


ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੇ ਇੰਟਰਵਿਊ ਵਿੱਚ ਤਰੁਣ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਅੱਠ ਕਰੋੜ ਐਲਪੀਜੀ ਸਿਲੰਡਰ ਕੁਨੈਕਸ਼ਨ ਦਿੱਤੇ ਗਏ ਹਨ। ਇਸ ਸਾਲ ਪੇਸ਼ ਕੀਤੇ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਇਸ ਸਾਲ ਦੋ ਕਰੋੜ ਗੈਸ ਕੁਨੈਕਸ਼ਨ ਮੁਫ਼ਤ ਵੰਡੇ ਜਾਣਗੇ। ਇਸ ਸਕੀਮ ਤਹਿਤ ਹੁਣ ਤੱਕ 29 ਕਰੋੜ ਲੋਕ ਰਸੋਈ ਗੈਸ ਕੁਨੈਸ਼ਨ ਮੁਫ਼ਤ ਲੈ ਚੁੱਕੇ ਹਨ।