ਟ੍ਰਿਬਿਊਨ ਖਿਲਾਫ ਐਫਆਈਆਰ 'ਤੇ ਸਰਕਾਰ ਦਾ ਸਪਸ਼ਟੀਕਰਨ
ਏਬੀਪੀ ਸਾਂਝਾ | 08 Jan 2018 06:31 PM (IST)
ਨਵੀਂ ਦਿੱਲੀ: ਟ੍ਰਿਬਿਊਨ ਅਖਬਾਰ ਤੇ ਉਸ ਦੀ ਪੱਤਰਕਾਰ ਰਚਨਾ ਖਹਿਰਾ ਖਿਲਾਫ ਐਫਆਈਆਰ ਦਰਜ ਹੋਣ ਮਗਰੋਂ ਕੇਂਦਰ ਸਰਕਾਰ ਨੇ ਸਪਸ਼ਟੀਕਰਨ ਦਿੱਤਾ ਹੈ। ਕਾਨੂੰਨ ਤੇ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਟਵੀਟ ਕਰਕੇ ਕਿਹਾ ਹੈ ਕਿ ਸਰਕਾਰ ਪ੍ਰੈੱਸ ਦੀ ਆਜ਼ਾਦੀ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਇਸ ਮਾਮਲੇ ਵਿੱਚ ਅਣਪਛਾਤੀਆਂ ਇਕਾਈਆਂ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ। ਕੇਂਦਰ ਦਾ ਇਹ ਸਪਸ਼ਟੀਕਰਨ ਚੁਫੇਰਿਓਂ ਅਲੋਚਨਾ ਹੋਣ ਮਗਰੋਂ ਆਇਆ ਹੈ। ਟ੍ਰਿਬਿਊਨ ਵੱਲੋਂ ਆਧਾਰ ਕਾਰਡ ਡੇਟਾ ਲੀਕ ਹੋਣ ਦਾ ਖੁਲਾਸਾ ਕਰਨ ਮਗਰੋਂ ਅਖਬਾਰ ਤੇ ਉਸ ਦੀ ਪੱਤਰਕਾਰ ਰਚਨਾ ਖਹਿਰਾ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦਾ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ। ਪ੍ਰਸ਼ਾਦ ਨੇ ਟਵਿਟਰ 'ਤੇ ਲਿਖਿਆ ਹੈ ਕਿ ਸਰਕਾਰ ਭਾਰਤ ਦੇ ਵਿਕਾਸ ਲਈ ਪ੍ਰੈੱਸ ਦੀ ਆਜ਼ਾਦੀ ਤੇ ਆਧਾਰ ਦੀ ਸੁਰੱਖਿਆ ਬਣਾਏ ਰੱਖਣ ਲਈ ਪ੍ਰਤੀਬੱਧ ਹੈ। ਐਫਆਈਆਰ ਅਣਪਛਾਤੇ ਲੋਕਾਂ ਖਿਲਾਫ ਦਰਜ ਕਰਵਾਈ ਗਈ ਹੈ। https://twitter.com/rsprasad/status/950275919855304705 ਟ੍ਰਿਬਿਊਨ ਨੇ ਖੁਲਾਸਾ ਕੀਤਾ ਹੈ ਕਿ ਸਿਰਫ 500 ਰੁਪਏ ਵਿੱਚ ਕਿਸੇ ਦਾ ਵੀ ਆਧਾਰ ਡੇਟਾ ਹਾਸਲ ਕੀਤਾ ਜਾ ਸਕਦਾ ਹੈ। ਇਸ ਖੁਲਾਸੇ ਨੇ ਆਧਾਰ ਡੇਟਾ ਦੀ ਸੁਰੱਖਿਆ 'ਤੇ ਵੱਡੇ ਸਵਾਲ ਉਠਾ ਦਿੱਤੇ ਹਨ।