ਤੇਂਦੂਲਕਰ ਦੀ ਕੁੜੀ ਨਾਲ ਫ਼ੋਨ 'ਤੇ ਪੰਗੇ ਲੈਣ ਵਾਲਾ ਗ੍ਰਿਫਤਾਰ
ਏਬੀਪੀ ਸਾਂਝਾ | 08 Jan 2018 02:54 PM (IST)
ਪੁਰਾਣੀ ਤਸਵੀਰ
ਕ੍ਰਿਕੇਟ ਦੇ ਭਗਵਾਨ ਮੰਨੇ ਜਾਂਦੇ ਸਚਿਨ ਤੇਂਦੂਲਕਰ ਦੀ ਧੀ ਸਾਰਾ ਨਾਲ ਛੇੜਛਾੜ ਦੇ ਇਲਜ਼ਾਮ ਤਹਿਤ ਬੰਗਾਲ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮਿਦਾਨਪੁਰ ਦਾ ਰਹਿਣ ਵਾਲਾ ਨੌਜਵਾਨ ਦੇਵਕੁਮਾਰ ਸਾਰਾ ਨਾਲ ਵਿਆਹ ਕਰਵਾਉਣ ਦੀ ਇੱਛਾ ਰੱਖਦਾ ਸੀ। ਸਾਰਾ ਤੇਂਦੁਲਕਰ ਨੇ ਇਸ ਬਾਬਤ ਸ਼ਿਕਾਇਤ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਮੁਲਜ਼ਮ ਦੇਵਕੁਮਾਰ ਮੈਤੀ ਨੂੰ ਬੀਤੇ ਦਿਨੀਂ ਮਹਿਸ਼ਾਡਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ ਉਕਤ ਨੌਜਵਾਨ ਨੇ ਸਾਰਾ ਨੂੰ ਕਈ ਵਾਰ ਫ਼ੋਨ ਕੀਤੇ ਤੇ ਭੱਦੀਆਂ ਟਿੱਪਣੀਆਂ ਵੀ ਕੀਤੀਆਂ। ਇੰਨਾ ਹੀ ਨਹੀਂ ਉਸ ਨੇ ਸਾਰਾ ਨੂੰ ਅਗ਼ਵਾ ਕਰਨ ਦੀ ਧਮਕੀ ਵੀ ਦਿੱਤੀ ਸੀ। ਮੈਤੀ ਨੇ ਪੁਲਿਸ ਨੂੰ ਦੱਸਿਆ, "ਮੈਂ ਪਹਿਲੀ ਵਾਰ ਉਸ ਨੂੰ ਟੈਲੀਵਿਜ਼ਨ 'ਤੇ ਵੇਖਿਆ ਸੀ, ਮੈਚ ਦੌਰਾਨ ਉਹ ਪੈਵੇਲੀਅਨ ਵਿੱਚ ਬੈਠੀ ਸੀ। ਉਸ ਨੂੰ ਵੇਖਦਿਆਂ ਹੀ ਉਸ ਨਾਲ ਪਿਆਰ ਹੋ ਗਿਆ। ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ, ਮੈਂ ਕਿਸੇ ਤੋਂ ਸਾਰਾ ਦਾ ਨੰਬਰ ਹਾਸਲ ਕੀਤਾ ਤੇ ਤਕਰੀਬਨ 20 ਵਾਰ ਫ਼ੋਨ ਕੀਤਾ। ਮੈਂ ਕਦੇ ਵੀ ਉਸ ਨੂੰ ਸਾਹਮਣੇ ਤੋਂ ਨਹੀਂ ਵੇਖਿਆ।" ਪੁਲਿਸ ਨੂੰ ਮੈਤੀ ਦੇ ਮੋਬਾਈਲ 'ਚ ਸਾਰਾ ਦਾ ਮੋਬਾਈਲ ਨੰਬਰ ਉਸ ਦੀ ਪਤਨੀ ਦੇ ਨਾਂ ਤੋਂ ਸੰਭਾਲਿਆ ਕੇ ਰੱਖਿਆ ਹੋਇਆ ਸੀ। ਪੁਲਿਸ ਇਹ ਪਤਾ ਕਰ ਰਹੀ ਹੈ ਕਿ ਉਸ ਨੇ ਸਾਰਾ ਦਾ ਨੰਬਰ ਕਿੱਥੋਂ ਤੇ ਕਿਵੇਂ ਹਾਸਲ ਕੀਤਾ। ਹਾਲਾਂਕਿ, ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੈਤੀ ਦਾ ਅੱਠ ਸਾਲਾਂ ਤੋਂ ਇਲਾਜ ਚੱਲ ਰਿਹਾ ਹੈ। ਪੁਲਿਸ ਹੁਣ ਉਸ ਦਾ ਮੈਡੀਕਲ ਟੈਸਟ ਕਰਵਾਏਗੀ ਤੇ ਅੱਗੇ ਜਾਂਚ ਕਰੇਗੀ।