ਨਵੀਂ ਦਿੱਲੀ- ਭਾਰਤ ਦੇ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਨਵਾਂ ਝਟਕਾ ਦੇਣ ਲਈ ਤਿਆਰ ਵਿੱਚ ਹਨ। ਪਤਾ ਲੱਗਾ ਹੈ ਕਿ ਅਗਲੀ 20 ਜਨਵਰੀ ਤੋਂ ਸਾਰੇ ਸਰਕਾਰੀ ਅਤੇ ਨਿੱਜੀ ਬੈਂਕ ਉਨ੍ਹਾਂ ਸਰਵਿਸਿਜ਼ ਉੱਤੇ ਚਾਰਜ ਲਾਉਣ ਜਾ ਰਹੇ ਹਨ, ਜਿਹੜੀਆਂ ਹੁਣ ਤਕ ਗਾਹਕਾਂ ਨੂੰ ਮੁਫਤ ਮਿਲਦੀਆਂ ਹਨ।
ਇੰਨ੍ਹਾਂ ਸਹੂਲਤਾਂ ਦਾ ਚਾਰਜ ਲੱਗ ਸਕਦਾ-


-ਪੈਸਾ ਕਢਵਾਉਣ, ਜਮ੍ਹਾ ਕਰਾਉਣ, ਮੋਬਾਇਲ ਨੰਬਰ ਬਦਲਾਉਣ, ਕੇ ਵਾਈ ਸੀ ਜਾਂ ਆਪਣਾ ਪਤਾ ਬਦਲਾਉਣ, ਨੈੱਟ ਬੈਂਕਿੰਗ ਅਤੇ ਚੈੱਕ ਬੁੱਕ ਲਈ ਅਪਲਾਈ ਕਰਨ ਦੇ ਕੰਮ ਸ਼ਾਮਲ ਹਨ।
-ਸੈਲਫ ਚੈੱਕ ਦੇ ਨਾਲ 50,000 ਰੁਪਏ ਤੱਕ ਰਕਮ ਕਢਾਉਣ ਉੱਤੇ 10 ਰੁਪਏ ਚਾਰਜ ਲੱਗੇਗਾ, ਜਿਹੜਾ ਹੁਣ ਤੱਕ ਨਹੀਂ ਸੀ ਲੱਗਦਾ। ਇਸ ਦੇ ਬਿਨਾ ਸੇਵਿਗਜ਼ ਖਾਤੇ ਵਿੱਚ ਇਕ ਦਿਨ ਵਿੱਚ ਸਿਰਫ 2 ਲੱਖ ਰੁਪਏ ਤਕ ਰਕਮ ਜਮ੍ਹਾ ਕਰਾਈ ਜਾ ਸਕੇਗੀ, ਪਰ ਰੋਜ਼ਾਨਾ 50,000 ਰੁਪਏ ਬਿਨਾਂ ਚਾਰਜ ਦੇ ਜਮ੍ਹਾ ਹੋ ਸਕਦੇ ਹਨ, ਇਸ ਤੋਂ ਵੱਧ ਹੋਏ ਤਾਂ ਪ੍ਰਤੀ ਹਜ਼ਾਰ 2.50 ਰੁਪਏ ਫੀਸ ਲੱਗੇਗੀ।
-ਕਰੰਟ ਅਕਾਊਂਟ ਵਿੱਚ 25,000 ਰੁਪਏ ਤੱਕ ਜਮ੍ਹਾ ਕਰਨਾ ਮੁਫਤ ਹੋਵੇਗਾ, ਉਸ ਤੋਂ ਵੱਧ ਪ੍ਰਤੀ ਹਜ਼ਾਰ 2.50 ਰੁਪਏ ਫੀਸ ਲੱਗੇਗੀ। ਇੰਟਰਨੈੱਟ, ਮੋਬਾਈਲ ਬੈਂਕਿੰਗ ਸਰਵਿਸ ਲਈ ਵੀ 25 ਰੁਪਏ ਫੀਸ ਲੱਗੇਗੀ।
-ਪਿਨ ਅਤੇ ਪਾਸਵਰਡ ਨਵਾਂ ਲੈਣ ਜਾਂ ਬਦਲਣ ਦੇ 10 ਰੁਪਏ ਦੇਣੇ ਪੈਣਗੇ। ਇਨ੍ਹਾਂ ਖਬਰਾਂ ਤੋਂ ਸਾਫ ਹੈ ਕਿ ਇਸ ਨਾਲ ਆਮ ਆਦਮੀ ਦੀ ਜੇਬ ਕੱਟਣੀ ਤੈਅ ਹੈ।
ਇਸ ਤੋਂ ਇਲਾਵਾ ਜਿਹੜੇ ਬੈਂਕ ਦੀ ਬਰਾਂਚ ਵਿੱਚ ਤੁਹਾਡਾ ਖਾਤਾ ਹੈ, ਉਸੇ ਦੀ ਕਿਸੇ ਦੂਸਰੀ ਬਰਾਂਚ ਵਿੱਚ ਜਾ ਕੇ ਬੈਂਕਿੰਗ ਸੇਵਾ ਲਈ ਤਾਂ ਚਾਰਜ ਦੇਣਾ ਪਵੇਗਾ ਅਤੇ ਇਹ ਨਵੇਂ ਚਾਰਜ ਜਦੋਂ ਲੱਗਣਗੇ ਤਾਂ ਇਨ੍ਹਾਂ ਉੱਤੇ ਜੀ ਐੱਸ ਟੀ ਇਸ ਤੋਂ ਵੱਖਰਾ ਲਾਇਆ ਜਾਵੇਗਾ। ਇਨ੍ਹਾਂ ਪੈਸਿਆਂ ਲਈ ਬੈਂਕ ਆਪਣੇ ਗਾਹਕ ਤੋਂ ਪੈਸੇ ਮੰਗਣ ਦੀ ਥਾਂ ਜੋ ਵੀ ਚਾਰਜ ਹੋਵੇਗਾ, ਉਹ ਗ੍ਰਾਹਕ ਦੇ ਖਾਤੇ ਵਿੱਚੋ ਕੱਟ ਲਵੇਗਾ।
ਬੈਂਕਿੰਗ ਸੂਤਰਾਂ ਮੁਤਾਬਕ ਨਵੇਂ ਚਾਰਜਿਜ਼ ਬਾਰੇ ਅੰਦਰੂਨੀ ਹੁਕਮ ਮਿਲ ਚੁੱਕੇ ਹਨ ਅਤੇ ਇਹ ਸਾਰੇ ਬੈਂਕ ਇਸ ਮਾਮਲੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ।
ਨਿਯਮਾਂ ਮੁਤਾਬਕ ਸੰਬੰਧਤ ਬੈਂਕਾਂ ਦਾ ਬੋਰਡ ਸਾਰੀਆਂ ਸੇਵਾਵਾਂ ਉੱਤੇ ਲੱਗਣ ਵਾਲੇ ਚਾਰਜ ਦਾ ਫੈਸਲਾ ਲੈਂਦਾ ਹੈ। ਬੋਰਡ ਦੀ ਮਨਜ਼ੂਰੀ ਮਿਲਣ ਦੇ ਬਾਅਦ ਹੀ ਅੰਤਿਮ ਫੈਸਲਾ ਲਿਆ ਜਾਂਦਾ ਹੈ। ਬੈਂਕਾਂ ਦੇ ਇਸ ਕਦਮ ਨਾਲ ਦੇਸ਼ ਭਰ ਦੇ ਸਾਰੇ ਖਾਤਾ ਧਾਰਕ ਪ੍ਰਭਾਵਿਤ ਹੋਣਗੇ।