ਨਵੀਂ ਦਿੱਲੀ: ਕਿਸਾਨ ਖੇਤੀ ਕਾਨੂੰਨਾਂ ਖਿਲਾਫ ਡਟੇ ਹੋਏ ਹਨ। ਇਸ ਦਰਮਿਆਨ ਜਿੱਥੇ ਦਿੱਲੀ ਦੀਆਂ ਸਰਹੱਦਾਂ ਮੱਲੀਆਂ ਹਨ, ਉੱਥੇ ਹੀ ਪੰਜਾਬ ਤੇ ਹਰਿਆਣਾ ਦੇ ਟੋਲ ਨਾਕਿਆਂ 'ਤੇ ਵੀ ਕਿਸਾਨਾਂ ਨੇ ਡੇਰੇ ਲਾਏ ਹੋਏ ਹਨ। ਅਜਿਹੇ 'ਚ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਅੰਦੋਲਨ ਨਾਲ NHAI ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ 814 ਕਰੋੜ ਰੁਪਏ ਦੇ ਮਾਲੀਆ ਦਾ ਨੁਕਸਾਨ ਹੋਇਆ।
ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਲੋਕ ਸਭਾ 'ਚ 16 ਮਾਰਚ ਤਕ ਦਾ ਅੰਕੜਾ ਪੇਸ਼ ਕਰਦਿਆਂ ਦੱਸਿਆ। ਗਡਕਰੀ ਨੇ ਕਿਹਾ ਕਿ ਕਿਸਾਨਾਂ ਨੇ ਟੋਲ ਨਾਕਿਆਂ ਨੂੰ ਮੁਫਤ ਕਰਵਾਇਆ ਸੀ ਤੇ ਇਸ ਨਾਲ ਸਰਕਾਰ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਲਈ ਸੂਬਿਆਂ ਨੂੰ ਟੋਲ ਮੁੜ ਤੋਂ ਸਥਾਪਤ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ, ਮੂਲ ਰੂਪ ਤੋਂ ਕਿਸਾਨ ਅੰਦੋਲਨ ਕਾਰਨ ਪੰਜਾਬ ਤੇ ਹਰਿਆਣਾ ਦੇ ਨਾਕਿਆਂ 'ਤੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਰਾਜਸਥਾਨ 'ਚ ਵੀ ਕਈ ਨਾਕਿਆਂ ਤੇ ਨੁਕਸਾਨ ਸਹਿਣਾ ਪਿਆ। ਸਭ ਤੋਂ ਜ਼ਿਆਦਾ 487 ਕਰੋੜ ਹਰਿਆਣਾ ਤੇ 1.40 ਕਰੋੜ ਰੁਪਏ ਦਾ ਨੁਕਸਾਨ ਰਾਜਸਥਾਨ 'ਚ ਹੋਇਆ। ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਕਿਸੇ ਸੂਬੇ 'ਚ ਕਿਸਾਨ ਅੰਦੋਲਨ ਦੇ ਚੱਲਦਿਆਂ ਨੁਕਸਾਨ ਨਹੀਂ ਹੋਇਆ।