ਨਵੀਂ ਦਿੱਲੀ: ਭਾਰਤੀ ਨਿਆਂਪਾਲਕਾ ਦੇ ਇਤਿਹਾਸ ਵਿੱਚ ਹੋਈ ਅਦਭੁਤ ਘਟਨਾ 'ਤੇ ਸਰਕਾਰ ਨੇ ਵੀ ਆਪਣੀ ਨਜ਼ਰ ਬਣਾ ਲਈ ਹੈ। ਅੱਜ ਸਵੇਰੇ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੇ ਦੇਸ਼ ਦੀ ਸਿਖਰਲੀ ਅਦਾਲਤ ਵਿੱਚ ਬੇਨਿਯਮੀਆਂ ਦਾ ਪਰਦਾਫਾਸ਼ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਤੁਰੰਤ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ।
ਸੂਤਰਾਂ ਮੁਤਾਬਕ ਸਰਕਾਰ ਨੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਦਾ ਅੰਦਰੂਨੀ ਮਸਲਾ ਦੱਸਿਆ ਹੈ ਤੇ ਆਸ ਜਤਾਈ ਹੈ ਕਿ ਸੁਪਰੀਮ ਕੋਰਟ ਦੇ ਜੱਜ ਆਪਸੀ ਮਤਭੇਦਾਂ ਨੂੰ ਛੇਤੀ ਹੀ ਸੁਲਝਾ ਲੈਣਗੇ। ਸੂਤਰ ਦੱਸਦੇ ਹਨ ਕਿ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਇਸ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ।
ਅੱਜ ਸਵੇਰੇ ਸਰਬਉੱਚ ਅਦਾਲਤ ਦੇ ਚਾਰ ਸੀਨੀਅਰ ਜੱਜਾਂ ਨੇ ਪੱਤਰਕਾਰ ਮਿਲਣੀ ਦੌਰਾਨ ਭਾਰਤ ਦੇ ਚੀਫ ਜਸਟਿਸ 'ਤੇ ਉਨ੍ਹਾਂ ਦੀ ਗੱਲ ਨੂੰ ਅਣਦੇਖਿਆਂ ਕਰਨ ਦੇ ਇਲਜ਼ਾਮ ਲਾਏ ਸਨ। ਉਨ੍ਹਾਂ ਨੇ CJI ਦੀਪਕ ਮਿਸ਼ਰਾ 'ਤੇ ਲੋਕਤੰਤਰਕ ਨਾ ਹੋਣ ਦੇ ਇਲਜ਼ਾਮ ਵੀ ਲਾਏ ਹਨ।