ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੇਸ਼ ਵਿੱਚ 'ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ' ਵਿਵਸਥਾ ਸ਼ੁਰੂ ਕਰਨ ਲਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 30 ਜੂਨ 2020 ਤਕ ਦਾ ਸਮਾਂ ਦਿੱਤਾ ਹੈ। ਇਸ ਵਿਵਸਥਾ ਦੇ ਤਹਿਤ ਕੋਈ ਵੀ ਲਾਭਕਾਰੀ ਦੇਸ਼ ਭਰ ਵਿੱਚ ਕਿਤਿਓਂ ਵੀ ਵਾਜਬ ਕੀਮਤ 'ਤੇ ਰਾਸ਼ਨ ਖਰੀਦ ਸਕਦਾ ਹੈ।


ਖਾਧ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਅਗਲੇ ਸਾਲ 30 ਜੂਨ, 2020 ਤਕ ਪੂਰੇ ਦੇਸ਼ ਵਿੱਚ 'ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ' ਵਿਵਸਥਾ ਬਿਨਾਂ ਕਿਸੇ ਦੇਰੀ ਦੇ ਲਾਗੂ ਕਰ ਦਿੱਤੀ ਜਾਏਗੀ। ਉਨ੍ਹਾਂ ਇਸ ਬਾਬਤ ਸੂਬਿਆਂ ਨੂੰ ਤੇਜ਼ੀ ਨਾਲ ਕੰਮ ਕਰਨ ਲਈ ਚਿੱਠੀਆਂ ਲਿਖੀਆਂ ਹਨ।

ਉਨ੍ਹਾਂ ਕਿਹਾ ਕਿ ਤਾਮਿਲਨਾਡੂ, ਪੰਜਾਬ, ਉੜੀਸਾ ਤੇ ਮੱਧ ਪ੍ਰਦੇਸ਼ ਸਮੇਤ 11 ਸੂਬਿਆਂ ਵਿੱਚ ਰਾਸ਼ਨ ਕਾਰਡ ਧਾਰਕਾਂ ਲਈ ਸੂਬੇ ਅੰਦਰ ਇੱਕ ਥਾਂ ਤੋਂ ਦੂਜੇ ਥਾਂ 'ਤੇ ਜਾਣ ਦੀ ਸਥਿਤੀ ਵਿੱਚ ਸਸਤਾ ਰਾਸ਼ਨ ਮਿਲਣਾ ਆਸਾਨ ਹੋਏਗਾ। ਇਨ੍ਹਾਂ ਸੂਬਿਆਂ ਵਿੱਚ ਰਾਸ਼ਨ ਦੀਆਂ ਦੁਕਾਨਾਂ ਵਿੱਚ ਪੁਆਇੰਟ ਆਫ ਸੇਲ (POS) ਮਸ਼ੀਨਾਂ ਪਹਿਲਾਂ ਹੀ ਲੱਗੀਆਂ ਹੋਈਆਂ ਹਨ।