ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਿੱਤ ਨਵੀਆਂ ਮੁਸੀਬਤਾਂ ਖੜ੍ਹੀਆਂ ਹੋ ਰਹੀਆਂ ਹਨ। ਰਾਫੇਲ ਡੀਲ 'ਚ ਘੁਟਾਲਾ ਤੇ ਤੇ ‘ਮੀਟੂ’ ਮੁਹਿੰਮ ਤਹਿਤ ਮੰਤਰੀ ਐਮਜੇ ਅਕਬਰ 'ਤੇ ਜ਼ਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਹੁਣ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਨੇ ਮੋਦੀ ਲਈ ਵੱਡੀ ਸਿਰਦਰਦੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਇਹ ਮਾਮਲਾ ਉਸ ਵੇਲੇ ਭਖਿਆ ਜਦੋਂ ਸੀਬੀਆਈ ਦੇ ਨੰਬਰ ਵਨ ਆਲੋਕ ਵਰਮਾ ਨੇ ਨੰਬਰ ਦੋ ਰਾਕੇਸ਼ ਅਸਥਾਨਾ ’ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਾਏ।


 

ਸੀਬੀਆਈ ਵੱਲੋਂ ਆਪਣੇ ਹੀ ਸੈਕਿੰਡ ਇਨ ਕਮਾਂਡ ਰੈਂਕ ਦੇ ਅਫ਼ਸਰ ਖਿਲਾਫ਼ ਐਫਆਈਆਰ ਦਰਜ ਕੀਤੇ ਜਾਣ ਕਰਕੇ ਇਹ ਰੇੜਕਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਮੋਦੀ ਸਰਕਾਰ 'ਤੇ ਵੀ ਗੰਭੀਰ ਸਵਾਲ ਉੱਠ ਰਹੇ ਹਨ ਕਿਉਂਕਿ ਸੀਬੀਆਈ ਸਿੱਧੇ ਪ੍ਰਧਾਨ ਮੰਤਰੀ ਦਫਤਰ ਦੇ ਅਧੀਨ ਹੈ। ਇਹ ਵੀ ਅਹਿਮ ਹੈ ਕਿ ਸੀਬੀਆਈ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਆਪਣੇ ਹੀ ਦਫ਼ਤਰ ਵਿੱਚ ਰੇਡ ਪਈ ਹੈ। ਇਸ ਤੋਂ ਸਾਫ ਹੈ ਕਿ ਸੀਬੀਆਈ ਵਿੱਚ ਕੁਝ ਗਲਤ ਚੱਲ ਰਿਹਾ ਹੈ।

ਇਹ ਵੀ ਅਹਿਮ ਹੈ ਕਿ ਸੀਬੀਆਈ ਕੋਲ ਸਰਕਾਰ ਦੇ ਵੀ ਬਹੁਤ ਸਾਰੇ ਰਾਜ਼ ਹਨ। ਇਸ ਲੜਾਈ ਨਾਲ ਕਈ ਗੱਲਾਂ ਬਾਹਰ ਆ ਸਕਦੀਆਂ ਹਨ। ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਕਮਾਨ ਸੰਭਾਲ ਲਈ ਹੈ। ਡਾਇਰੈਕਟਰ ਆਲੋਕ ਵਰਮਾ ਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਕੋਲੋਂ ਫੌਰੀ ਪ੍ਰਭਾਵ ਨਾਲ ਸਾਰੇ ਕੰਮਕਾਜ ਵਾਪਸ ਲੈ ਲਏ ਗਏ ਹਨ। ਜੁਆਇੰਟ ਡਾਇਰੈਕਟਰ ਨਾਗੇਸ਼ਵਰ ਰਾਵ ਨੂੰ ਅੰਤ੍ਰਿਮ ਡਾਇਰੈਕਟਰ ਬਣਾਇਆ ਗਿਆ ਹੈ।

ਇਸ ਪੂਰੀ ਕਾਰਵਾਈ ਵਿੱਚ ਪ੍ਰਧਾਨ ਮੰਤਰੀ ਮੋਦੀ ਸਿੱਧਾ ਦਖ਼ਲ ਦੇ ਰਹੇ ਹਨ। ਕੱਲ੍ਹ ਸ਼ਾਮ ਨੂੰ ਹੀ ਇਸ ਪੂਰੀ ਕਾਰਵਾਈ ਦੀ ਯੋਜਨਾ ਬਣਾਈ ਗਈ ਸੀ। ਇਸ ਤਰੀਕੇ ਦੀ ਕਾਰਵਾਈ ਤੋਂ ਸਾਫ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਦੀ ਸਾਖ ਬਚਾਉਣ ਲਈ ਪ੍ਰਧਾਨ ਮੰਤਰੀ ਦਫ਼ਤਰ ਸਿੱਧੇ ਤੌਰ ’ਤੇ ਨਿਗਰਾਨੀ ਕਰ ਰਿਹਾ ਹੈ। ਸੀਬੀਆਈ ਦੇ ਇਤਿਹਾਸ ਵਿੱਚ ਅਜਿਹੀ ਪਹਿਲੀ ਵਾਰ ਹੋਇਆ ਹੈ ਜਦੋਂ ਸੀਬੀਆਈ ਦੇ ਆਪਣੇ ਹੀ ਦਫ਼ਤਰ ਵਿੱਚ ਰੇਡ ਪਾਉਣੀ ਪੈ ਰਹੀ ਹੈ।