ਚੰਡੀਗੜ੍ਹ: ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਸ਼ਹੀਦ ਸਿਮਰਦੀਪ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਬੀਐਸਐਫ ਦੇ ਜਵਾਨਾਂ ਦੀ ਟੁਕੜੀ ਨੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਮੌਕੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਕਈ ਸਿਆਸੀ, ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਲੋਕ ਪਹੁੰਚੇ। ਸ਼ਹੀਦ ਸਿਮਰਦੀਪ ਬੀਐਸਐਫ ਵਿੱਚ ਅਸਮ ਦੇ ਮਿਜੋਰਮ ਵਿੱਚ ਬ੍ਰਹਮਾ ਬਾਰਡਰ ਉੱਤੇ ਤਾਇਨਾਤ ਸੀ। ਇਨ੍ਹੀਂ ਦਿਨੀਂ ਉਹ ਮਿਜ਼ੋਰਮ ਬ੍ਰਹਮਾ ਬਾਰਡਰ ’ਤੇ ਡਿਊਟੀ ਦੇ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ 21 ਨਵੰਬਰ ਨੂੰ ਉਸ ਦਾ ਵਿਆਹ ਹੋਣਾ ਸੀ।

ਸਿਮਰਦੀਪ ਦੇ ਭਰਾ ਨੇ ਦੱਸਿਆ ਕਿ 21 ਨਵੰਬਰ ਨੂੰ 27 ਸਾਲਾ ਸ਼ਹੀਦ ਸਿਮਰਦੀਪ ਦਾ ਵਿਆਹ ਹੋਣਾ ਸੀ। ਘਰ ਵਿੱਚ ਪੇਂਟ ਦਾ ਕੰਮ ਚੱਲ ਰਿਹਾ ਸੀ। ਉਹ ਸ਼ਹੀਦ ਸਿਮਰਦੀਪ ਦੇ ਵਿਆਹ ਦੀ ਖਰੀਦਾਰੀ ਵਿੱਚ ਰੁੱਝੇ ਸਨ। ਵਿਆਹ ਨੂੰ ਲੈ ਕੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਜੋ ਉਸ ਦੇ ਸ਼ਹੀਦ ਹੋਣ ਦੀ ਖਬਰ ਨਾਲ ਗਮ ’ਚ ਬਦਲ ਗਿਆ। ਅੱਜ ਉਸ ਦੇ ਵਿਆਹ ਦੇ ਕੱਪੜੇ ਮਿਲਣੇ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਖੁਸ਼ੀ ਦਾ ਦਿਨ ਅਜਿਹੇ ਵੱਡੇ ਗਮ ਵਿੱਚ ਬਦਲ ਜਾਏਗਾ। ਉਸ ਨੇ ਕਿਹਾ ਕਿ ਸਿਮਰਦੀਪ ਦੀ ਕਮੀ ਤਾਂ ਕਦੇ ਪੂਰੀ ਨਹੀਂ ਹੋਵੇਗੀ ਪਰ ਉਸ ਨੂੰ ਭਰਾ ਦੀ ਸ਼ਹੀਦੀ ’ਤੇ ਮਾਣ ਹੈ।

ਪਿਤਾ ਨੇ ਦੱਸਿਆ ਕਿ 21 ਅਕਤੂਬਰ ਨੂੰ ਉਨ੍ਹਾਂ ਨੂੰ ਫੋਨ ਆਇਆ ਦੀ ਡਿਊਟੀ ਦਿੰਦੇ ਸਮੇਂ ਸਿਮਰਦੀਪ ਸਿੰਘ ਨੂੰ ਦੋ ਗੋਲ਼ੀਆਂ ਲੱਗੀਆਂ ਹਨ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਭੇਜਿਆ ਗਿਆ ਸੀ, ਜਿੱਥੇ ਉਸ ਦਾ ਆਪਰੇਸ਼ਨ ਚੱਲ ਰਿਹਾ ਸੀ। ਉਸੇ ਦੇਰ ਸ਼ਾਮ ਉਨ੍ਹਾਂ ਨੂੰ ਦੁਬਾਰਾ ਫੋਨ ਆਇਆ ਕਿ ਸਿਮਰਦੀਪ ਸ਼ਹਾਦਤ ਦਾ ਜਾਮ ਪੀ ਗਿਆ ਹੈ।

ਸ਼ਹੀਦ ਸਿਮਰਦੀਪ ਦੀ ਮਾਂ ਨੇ ਆਪਣੇ ਪੁੱਤਰ ਨੂੰ ਸਿਹਰਾ ਬੰਨ੍ਹ ਅਲਵਿਦਾ ਕੀਤਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਬੇਟੇ ਦਾ ਵਿਆਹ 21 ਨਵੰਬਰ ਨੂੰ ਸੀ, ਅਸੀਂ ਸੋਚਿਆ ਸੀ ਕਿ ਉਹ ਵਿਆਹ ਦੇ 10 ਦਿਨ ਪਹਿਲਾਂ ਹੀ ਘਰ ਪਹੁੰਚ ਜਾਵੇਗਾ, ਪਰ ਕੀ ਪਤਾ ਸੀ ਕਿ ਅੱਜ ਉਸ ਨੂੰ ਇਸ ਤਰ੍ਹਾਂ ਦੁਨੀਆ ਤੋਂ ਅਲਵਿਦਾ ਹੁੰਦੇ ਵੇਖਣਾ ਪਵੇਗਾ।