ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਵਿੱਚ ਅੰਦਰੂਨੀ ਲੜਾਈ ਸਭ ਦੇ ਸਾਹਮਣੇ ਆ ਗਈ ਹੈ। ਅਦਾਲਤ ਵਿੱਚ ਇਸ ਸਬੰਧੀ ਮਾਮਲਾ ਵਿਚਾਰ ਅਧੀਨ ਹੈ। ਹਾਈਕੋਰਟ ਨੇ ਸੀਬੀਆਈ ਨੂੰ 29 ਅਕਤੂਬਰ ਤਕ ਸਥਿਤੀ ਬਣਾਈ ਰੱਖਣ ਲਈ ਕਹਿੰਦਿਆਂ ਸੀਬੀਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਦੀ ਗ੍ਰਿਫਤਾਰੀ ’ਤੇ ਰੋਕ ਲਾ ਦਿੱਤੀ ਹੈ। ਇਸ ਦੇ ਇਲਾਵਾ ਰਾਕੇਸ਼ ਅਸਥਾਨਾ ਤੋਂ ਸੀਬੀਆਈ ਨਿਰਦੇਸ਼ਕ ਦੇ ਕੰਮਕਾਜ ਵਾਪਸ ਲੈ ਲਏ ਗਏ ਹਨ।

ਦਰਅਸਲ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ, ਸੀਬੀਆਈ ਨੇ ਆਪਣੇ ਖੁਦ ਦੇ ਨੰਬਰ ਦੋ ਅਫਸਰ ਰਾਕੇਸ਼ ਅਸਥਾਨਾ ਖਿਲਾਫ ਕੇਸ ਦਾਇਰ ਕੀਤਾ ਸੀ। ਅਸਥਾਨਾ ਨੇ ਐਫਆਈਆਰ ਨੂੰ ਰੱਦ ਕਰਨ ਲਈ ਦਿੱਲੀ ਹਾਈਕੋਰਟ ਵਿੱਚ ਅਪੀਲ ਕੀਤੀ ਸੀ, ਜਿਸ ਦੀ ਅੱਜ ਸੁਣਵਾਈ ਸੀ। ਡੀਐਸਪੀ ਦੇਵੇਂਦਰ ਨੇ ਵੀ ਐਫਆਈਆਰ ਰੱਦ ਕਰਾਉਣ ਤੇ ਜ਼ਮਾਨਤ ਲੈਣ ਲਈ ਹਾਈ ਕੋਰਟ ਦਾ ਰੁਖ਼ ਕੀਤਾ ਸੀ।

ਰਾਕੇਸ਼ ਅਸਥਾਨਾ ’ਤੇ ਕੀ ਇਲਜ਼ਾਮ?

ਏਜੰਸੀ ਦੀ ਰਿਪੋਰਟ ਮੁਤਾਬਕ, ਕਾਰੋਬਾਰੀ ਮੋਈਨ ਕੁਰੈਸ਼ੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਜਿਸ ਮੁਲਜ਼ਮ ਵਿਰੁੱਧ ਰਾਕੇਸ਼ ਜਾਂਚ ਕਰ ਰਹੇ ਸਨ, ਉਨ੍ਹਾਂ ਉਸੇ ਮੁਲਜ਼ਮ ਕੋਲੋਂ ਰਿਸ਼ਵਤ ਲਈ। ਦੋ ਮਹੀਨੇ ਪਹਿਲਾਂ ਅਸਥਾਨਾ ਨੇ ਕੈਬਨਿਟ ਸਕੱਤਰ ਕੋਲ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਖਿਲਾਫ ਵੀ ਇਸੇ ਤਰ੍ਹਾਂ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਹੁਣ ਸੀਬੀਆਈ ਨੇ ਸਤੀਸ਼ ਸਾਨਾ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਸ਼ੇਸ਼ ਨਿਰਦੇਸ਼ਕ ਅਸਥਾਨਾ ਖਿਲਾਫ FIR ਦਰਜ ਕਤੀ ਹੈ। ਮੋਈਨ ਕੁਰੈਸ਼ੀ ਦੀ ਕਥਿਤ ਸ਼ਮੂਲੀਅਤ ਨਾਲ ਸਬੰਧਤ 2017 ਦੇ ਇੱਕ ਮਾਮਲੇ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਸਾਨਾ ਨੇ ਇਲਜ਼ਾਮ ਲਾਇਆ ਹੈ ਕਿ ਅਸਥਾਨਾ ਨੇ ਉਸ ਨੂੰ ਕਲੀਨ ਚਿਟ ਦਿਵਾਉਣ ਲਈ ਕਥਿਤ ਤੌਰ ’ਤੇ ਮਦਦ ਕੀਤੀ।