ਚੰਡੀਗੜ੍ਹ: ਬੀਜੇਪੀ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਮੌਜੂਦਾ ਵਿਧਾਇਕਾਂ ਦੀ ਖੁੱਲ੍ਹੇ ਦਿਲ ਨਾਲ ਟਿਕਟ ਕੱਟੇਗੀ। ਸੂਤਰਾਂ ਮੁਤਾਬਕ ਛੱਤੀਸਗੜ੍ਹ ਵਿੱਚ ਪਹਿਲੀ ਸੂਚੀ ਵਿੱਚ 14 ਟਿਕਟਾਂ ਕੱਟਣ ਤੋਂ ਬਾਅਦ ਪਾਰਟੀ ਤਿੰਨ ਹੋਰ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਸਕਦੀ ਹੈ। ਸੂਬੇ ਦੀਆਂ ਚੋਣਾਂ ਤੋਂ ਬਾਅਦ ਲੋਕ ਸਭਾ ਚੋਣ ਵਿੱਚ ਵੀ ਇਸੇ ਤਰਜ਼ 'ਤੇ ਟਿਕਟਾਂ ਕੱਟੀਆਂ ਜਾਣਗੀਆਂ। ਲਗਪਗ 40 ਫੀਸਦੀ ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ।

ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਅਗਲੀ ਮੀਟਿੰਗ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਹੋਵੇਗੀ। ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਪਾਰਟੀ ਵਿਧਾਇਕਾਂ ਦੀ ਦਿਲ ਖੋਲ੍ਹ ਤੇ ਟਿਕਟ ਕੱਟ ਰਹੀ ਹੈ। ਹੁਣ ਤਕ, ਛੱਤੀਸਗੜ੍ਹ ਵਿੱਚ 77 ਉਮੀਦਵਾਰਾਂ ਦੇ ਨਾਂ ਦਾ ਐਲਾਨ ਹੋ ਚੁੱਕਾ ਹੈ, ਜਿਨ੍ਹਾਂ ਵਿੱਚੋਂ ਪਾਰਟੀ ਨੇ 14 ਮੌਜੂਦਾ ਵਿਧਾਇਕਾਂ ਦੀ ਟਿਕਟ ਕਟ ਦਿੱਤੀ ਹੈ।

ਹਾਈ ਕਮਾਨ ਦੀਆਂ ਅੰਦਰੂਨੀ ਰਿਪੋਰਟਾਂ ਦੇ ਆਧਾਰ 'ਤੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਹਨ। ਆਹਲਾ ਕਮਾਨ ਸੱਤਾ ਵਿਰੋਧੀ ਲਹਿਰ ਤੋਂ ਬਚਣ ਲਈ ਟਿਕਟ ਕੱਟਣ ਵਾਲੀ ਰਣਨੀਤੀ 'ਤੇ ਕੰਮ ਕਰ ਰਹੀ ਹੈ। ਇਸ ਲਈ ਸਥਾਨਕ ਪੱਧਰ 'ਤੇ ਕਰਵਾਏ ਗਏ ਸਰਵੇਖਣ ਦੇ ਆਧਾਰ 'ਤੇ ਟਿਕਟਾਂ ਕੱਟੀਆਂ ਜਾ ਰਹੀਆਂ ਹਨ।

ਛੱਤੀਸਗੜ੍ਹ ਤੋਂ ਬਾਅਦ ਬੀਜੇਪੀ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਵੀ 40 ਫੀਸਦੀ ਤਕ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ। ਮੱਧ ਪ੍ਰਦੇਸ਼ ਵਿੱਚ ਵੀ ਸੰਘ ਨੇ ਮੌਜੂਦਾ 75 ਵਿਧਾਇਕਾਂ ਦੀਆਂ ਟਿਕਟਾਂ ਦੀ ਸਿਫਾਰਸ਼ ਕੀਤੀ ਹੈ। ਸਭ ਤੋਂ ਮਾੜੀ ਸਥਿਤੀ ਰਾਜਸਥਾਨ ਵਿੱਚ ਹੈ, ਜਿੱਥੇ 50 ਫੀਸਦੀ ਤੋਂ ਵੱਧ ਵਿਧਾਇਕਾਂ ਨਾਲ ਲੋਕ ਨਾਰਾਜ਼ ਚੱਲ ਰਹੇ ਹਨ। ਇਸ ਕੇਸ ਵਿੱਚ, ਹਾਈ ਕਮਾਨ 50 ਫੀਸਦੀ ਤਕ ਮੌਜੂਦਾ ਵਿਧਾਇਕਾਂ ਦੇ ਟਿਕਟ ਕੱਟ ਸਕਦੀ ਹੈ।