ਦਿੱਲੀ ਦੇ ਵਾਹਨਾਂ 'ਚ ਜੀਪੀਐਸ ਲਾਜ਼ਮੀ
ਏਬੀਪੀ ਸਾਂਝਾ | 18 Jan 2018 12:07 PM (IST)
ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਅਪ੍ਰੈਲ ਤੋਂ ਰਾਜ ਦੀਆਂ ਸਾਰੀਆਂ ਟੈਕਸੀਆਂ, ਬੱਸਾਂ ਤੇ ਪਬਲਿਕ ਟਰਾਂਸਪੋਰਟ ਵਿੱਚ ਜੀਪੀਐਸ ਲਾਉਣਾ ਲਾਜ਼ਮੀ ਹੋਵੇਗਾ। ਇਸ ਲਈ ਦਿੱਲੀ ਟਰਾਂਸਪੋਰਟ ਵਿਭਾਗ ਨੇ 'ਮਾਈ ਜੀਪੀਐਸ ਐਪ' ਬਣਾਇਆ ਹੈ। ਵਿਭਾਗ ਨੇ ਸਾਰੇ ਜਨਤਕ ਵਾਹਨਾਂ ਨੂੰ 31 ਮਾਰਚ ਤੱਕ ਜੀਪੀਐਸ ਲਾਉਣ ਦਾ ਸਮਾਂ ਦਿੱਤਾ ਹੈ। ਇਸ ਮਗਰੋਂ ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਵਿਭਾਗ ਕਾਰਵਾਈ ਸ਼ੁਰੂ ਕਰੇਗਾ। ਵਿਭਾਗ ਮੁਤਾਬਕ 'ਮਾਈ ਜੀਪੀਐਸ ਐਪ' ਨੂੰ ਆਪਣੇ ਸਮਾਰਟ ਫ਼ੋਨ ਵਿੱਚ ਡਾਊਨਲੋਡ ਕਰਨਾ ਹੋਵੇਗਾ। ਜਦੋਂ ਤੁਸੀਂ ਆਟੋ ਜਾਂ ਟੈਕਸੀ ਵਿੱਚ ਸਫ਼ਰ ਕਰਨ ਜਾ ਰਹੇ ਹੋ ਤਾਂ ਸਫ਼ਰ ਤੋਂ ਪਹਿਲਾਂ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਉਸ ਐਪ ਉੱਤੇ ਅੱਪਲੋਡ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਆਟੋ ਜਾਂ ਟੈਕਸੀ ਦਾ ਰਜਿਸਟ੍ਰੇਸ਼ਨ ਨੰਬਰ ਐਪ ਵਿੱਚ ਅੱਪਲੋਡ ਕਰੋਗੇ ਤਾਂ ਉਸ ਦੇ ਜੀਪਐਸ ਨਾਲ ਵਰਤਮਾਨ ਸਥਿਤੀ ਦੀ ਜਾਣਕਾਰੀ ਮਿਲ ਜਾਵੇਗੀ। ਯਾਨੀ ਉਸ ਦੀ ਸਟੇਟਸ ਰਿਪੋਰਟ ਮਿਲ ਜਾਵੇਗੀ। ਦੱਸ ਦੇਈਏ ਕਿ ਦਿੱਲੀ ਵਿੱਚ ਜਨਤਕ ਆਵਾਜਾਈ ਪ੍ਰਬੰਧ ਵਿੱਚ ਲੱਗੇ ਵਾਹਨ ਯਾਨੀ ਈ-ਰਿਕਸ਼ਾ, ਆਟੋ, ਟੈਕਸੀ, ਗ੍ਰਾਮੀਣ ਸੇਵਾ, ਸਕੂਲ ਕੈਬ ਸਮੇਤ ਦੂਜੇ ਵਾਹਨਾਂ ਵਿੱਚ ਜੀਪੀਐਸ ਲਾਉਣਾ ਲਾਜ਼ਮੀ ਹੋਵੇਗਾ ਪਰ ਇਸ ਵੇਲੇ 75 ਫ਼ੀਸਦੀ ਵਾਹਨਾਂ ਵਿੱਚ ਜੀਪੀਐਸ ਬੰਦ ਹੈ। ਹੁਣ ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।