ਕਾਨਪੁਰ : ਗਰੀਨ ਪਾਰਕ ਸਟੇਡੀਅਮ ਵਿੱਚ ਨਿਊਜ਼ੀਲੈਂਡ ਦੇ ਅਭਿਆਸ ਦੌਰਾਨ ਸੁਰੱਖਿਆ ਵਿੱਚ ਸੰਨ੍ਹ ਲਾ ਕੇ ਇੱਕ ਸ਼ੱਕੀ ਮੈਦਾਨ ਵਿੱਚ ਘੁੱਸ ਕੇ ਪਿੱਚ ਦੇ ਨੇੜੇ ਪਹੁੰਚ ਗਿਆ। ਗਰੀਨ ਪਾਰਕ ਤੇ ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂ.ਪੀ.ਸੀ.ਏ.) ਦੇ ਅਫਸਰਾਂ ਦੀ ਨਜ਼ਰ ਜਿਵੇਂ ਹੀ ਉਸ 'ਤੇ ਪਈ ਤਾਂ ਤੁਰੰਤ ਉਸ ਨੂੰ ਬਾਹਰ ਭੇਜਿਆ ਗਿਆ। ਗਰੀਨ ਪਾਰਕ ਦੀ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਪੁਲਿਸ ਨੇ ਇਸ ਮੁੱਦੇ 'ਤੇ ਕੁਝ ਨਹੀਂ ਕਿਹਾ। ਯੂ.ਪੀ.ਸੀ.ਏ. ਦੇ ਮੀਡੀਆ ਮੈਨੇਜਰ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਭੁੱਲ ਸਟੇਡਿਅਮ ਦੇ ਅੰਦਰ ਆ ਗਿਆ ਸੀ।
ਸਵੇਰੇ ਤਕਰੀਬਨ ਸਾਢੇ ਨੌਂ ਵਜੇ ਨਿਊਜ਼ੀਲੈਂਡ ਗਰੀਨ ਪਾਰਕ ਸਟੇਡੀਅਮ ਵਿੱਚ ਨੈੱਟ ਅਭਿਆਸ ਲਈ ਪਹੁੰਚੀ। ਹਾਲੇ ਟੀਮ ਵਾਰਮ ਅੱਪ ਕਰ ਰਹੀ ਸੀ ਕਿ ਅਚਾਨਕ ਸ਼ੱਕੀ ਵਿਅਕਤੀ ਅਰਾਮ ਨਾਲ ਚੱਲਦਾ ਹੋਈਆ ਮੈਦਾਨ ਵਿੱਚ ਪਹੁੰਚ ਗਿਆ ਤੇ ਕੁਝ ਦੇਰ ਤੱਕ ਟੀਮ ਨੂੰ ਵਾਰਮ ਅੱਪ ਹੁੰਦੇ ਹੋਏ ਵੇਖਦਾ ਰਿਹਾ। ਉਸ ਵੇਲੇ ਯੂ.ਪੀ.ਸੀ.ਏ. ਦੇ ਮੀਡੀਆ ਮੈਨੇਜਰ ਤੇ ਪਿਚ ਕਿਉਰੇਟਰ ਦੀ ਨਜ਼ਰ ਉਸ ਵਿਅਕਤੀ ਵੱਲ ਗਈ ਤਾਂ ਤੁਰੰਤ ਪੁੱਛਗਿੱਛ ਤੋਂ ਬਾਅਦ ਉਸ ਨੂੰ ਬਾਹਰ ਭੇਜਿਆ ਗਿਆ।
ਬਾਅਦ ਵਿੱਚ ਮੀਡੀਆ ਮੈਨੇਜਰ ਏ.ਏ. ਖਾਨ ਤਾਲਿਸ ਨੇ ਦੱਸਿਆ ਕਿ ਉਹ ਸਾਮਾਨ ਲੈ ਕੇ ਆਇਆ ਸੀ ਤੇ ਟਰੱਕ ਡਰਾਈਵਰ ਸੀ। ਗਲਤੀ ਨਾਲ ਉਹ ਪਿੱਚ ਤੱਕ ਪਹੁੰਚ ਗਿਆ ਸੀ। ਇਸ ਤੋਂ ਬਾਅਦ ਜਦੋਂ ਕਾਨਪੁਰ ਪੁਲਿਸ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕੁਝ ਨਹੀਂ ਕਿਹਾ।