ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਇੱਕ ਹੋਰ ਸ਼ਰਮਸਾਰ ਕਰਨ ਵਾਲੀ ਘਟਨਾ ਘਟੀ ਹੈ। ਇੱਕ ਵਿਅਕਤੀ ਦਿੱਲੀ ਦੇ ਬੁਰਾੜੀ ਵਿੱਚ ਸ਼ਰੇਆਮ ਲੋਕਾਂ ਦੇ ਵਿੱਚ ਲੜਕੀ ਨੂੰ ਲਗਾਤਾਰ ਚਾਕੂ ਮਾਰਦਾ ਰਿਹਾ ਪਰ ਸਾਰੇ ਲੋਕ ਵੇਖਦੇ ਰਹੇ ਤੇ ਤਮਾਸ਼ਬੀਨ ਹੀ ਬਣੇ ਰਹੇ। ਕੋਈ ਵੀ ਉਸ ਨੂੰ ਰੋਕਣ ਲਈ ਅੱਗੇ ਨਹੀਂ ਆਇਆ। ਨੌਜਵਾਨ ਨੇ ਕੁੜੀ ਨੂੰ ਉਸ ਵੇਲੇ ਤੱਕ ਮਾਰਿਆ ਜਦੋਂ ਤੱਕ ਉਸ ਦੇ ਸਾਹ ਆਉਣੇ ਬੰਦ ਨਹੀਂ ਹੋਏ। ਮ੍ਰਿਤਕ ਕੁੜੀ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ।

32 ਸਾਲ ਦੇ ਸੁਰੇਂਦਰ ਨਾਮ ਦੇ ਮੁਲਜ਼ਮ ਨੇ ਕਰੁਨਾ ਨਾਮ ਦੀ ਕੁੜੀ 'ਤੇ ਚਾਕੂ ਨਾਲ 30 ਵਾਰ ਕੀਤੇ। ਘਟਨਾ ਸਵੇਰ ਦੀ ਹੈ, ਜਿਸ ਨੌਜਵਾਨ 'ਤੇ ਕਤਲ ਦਾ ਇਲਜ਼ਾਮ ਹੈ, ਉਹ ਕੁੜੀ ਦੀ ਜਾਣ-ਪਛਾਣ ਦਾ ਹੀ ਦੱਸਿਆ ਜਾ ਰਿਹਾ ਹੈ।

ਘਟਨਾ ਤੋਂ ਬਾਅਦ ਜ਼ਖਮੀ ਕੁੜੀ ਨੂੰ ਆਈ.ਐਸ.ਬੀ.ਟੀ. ਟਰਾਮਾ ਸੈਂਟਰ ਲਿਜਾਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉੱਥੇ ਸਰੇਆਮ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨ ਨੂੰ ਲੋਕਾਂ ਨੇ ਫੜ ਕੇ ਕੁੱਟਿਆ ਤੇ ਬਾਅਦ ਵਿੱਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲੇ ਦੀ ਛਾਨਬੀਨ ਸ਼ੁਰੂ ਕਰ ਦਿੱਤੀ ਹੈ।