Terrorist Attack in Srinagar: ਜੰਮੂ-ਕਸ਼ਮੀਰ ਚ ਅੱਤਵਾਦੀ ਘਟਨਾਵਾਂ ਦਾ ਸਿਲਸਿਲਾ ਰੁਕਿਆ ਨਹੀਂ। ਉਹ ਲਗਾਤਾਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਕੇ ਆਪਣੀ ਹਾਜ਼ਰੀ ਜਤਾ ਰਹੇ ਹਨ। ਵੀਰਵਾਰ ਦੇਰ ਸ਼ਾਮ ਸ੍ਰੀਨਗਰ ਦੇ ਸਫਾਕਦਲ 'ਚ ਸੀਆਰਪੀਐਫ ਕੈਂਪ ਦੇ ਬਾਹਰ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ। ਜਿਸ 'ਚ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਬਾਰੀਪੋਰਾ ਈਦਗਾਹ ਇਲਾਕੇ 'ਚ ਸੀਆਰਪੀਐਫ ਕੈਂਪ ਦੇ ਬਾਹਰ ਕੀਤਾ ਗਿਆ। ਉੱਥੇ ਹੀ ਹਮਲਾਵਰਾਂ ਦੀ ਤਲਾਸ਼ ਕਰਨ ਲਈ ਸੁਰੱਖਿਆ ਬਲਾਂ ਨੇ ਇਸ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ। ਇਸ ਦੇ ਨਾਲ ਹੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਰੂਹ ਮੋਂਘਲ 'ਚ ਗੋਲ਼ੀਬਾਰੀ ਦੀ ਘਟਨਾ ਹੋਈ ਹੈ ਜਿੱਥੇ ਇਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ।
ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਦੇ ਮੁਤਾਬਕ ਅਨੰਤਨਾਗ ਦੇ ਮੋਂਗਲ ਬ੍ਰਿਜ 'ਤੇ ਇਕ ਨਾਕਾ ਪਾਰਟੀ 'ਚ ਸੀਆਰਪੀਐਫ ਦੇ ਜਵਾਨਾਂ ਨੇ ਬਿਨਾਂ ਨੰਬਰ ਪਲੇਟ ਦੇ ਇਕ ਸ਼ੱਕੀ ਵਾਹਨ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਸ਼ੱਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਜਵਾਨਾਂ ਨੇ ਆਤਮਰੱਖਿਆ ਲਈ ਫਾਇਰਿੰਗ ਕੀਤੀ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਲਕ ਭੱਜਣ 'ਚ ਕਾਮਯਾਬ ਰਿਹਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਰਵਾਰ ਸ਼ਾਮ ਅਨੰਤਨਾਗ ਜ਼ਿਲ੍ਹੇ 'ਚ ਸਿਗਨਲ ਦੇਣ ਦੇ ਬਾਵਜੂਦ ਇਕ ਵਾਹਨ ਚਾਲਕ ਨੇ ਆਪਣੀ ਗੱਡੀ ਨਹੀਂ ਰੋਕੀ। ਜਿਸ ਤੋਂ ਬਾਅਦ ਆਰਧਸੈਨਿਕ ਸੀਆਰਪੀਐਫ ਜਵਾਨਾਂ ਵੱਲੋਂ ਕੀਤੀ ਗੋਲ਼ੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਿਲਵਰ ਕਲਰ ਦੀ ਇਕ ਸਕੌਰਪੀਓ ਵਾਹਨ ਨੂੰ ਰੋਕਣ ਲਈ ਕਿਹਾ ਗਿਆ। ਪਰ ਉਸ ਨੇ ਅਜਿਹਾ ਨਹੀਂ ਕੀਤਾ, ਜਿਸ ਤੋਂ ਬਾਅਦ ਸੀਆਰਪੀਐਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ ਤੇ ਇਕ ਵਿਅਕਤੀ ਦੀ ਮੌਤ ਹੋ ਗਈ। ਮਾਰੇ ਗਏ ਨਾਗਰਿਕ ਦੀ ਪਛਾਣ ਜਾਜਰਕੋਟਲੀ ਜੰਮੂ ਨਿਵਾਸੀ ਯਾਸਿਰ ਅਲੀ ਦੇ ਰੂਪ 'ਚ ਹੋਈ ਹੈ।