ਪੋਖਰਣ: ਜੋਧਨਗਰ ਵਿੱਚ ਰਹਿਣ ਵਾਲੇ ਨਖਤ ਸਿੰਘ ਭਾਟੀ ਨੇ ਦਾਜ ਵਾਪਸ ਮੋੜ ਕੇ ਸਮਾਜ ਵਿੱਚ ਚੰਗੀ ਮਿਸਾਲ ਪੇਸ਼ ਕੀਤੀ ਹੈ। ਉਸ ਨੇ ਦਾਜ ਟਿੱਕੇ ਵਿੱਚ 11 ਲੱਖ 25 ਹਜ਼ਾਰ ਰੁਪਏ ਦੀ ਰਕਮ ਲੈਣ ਤੋਂ ਮਨ੍ਹਾ ਕਰ ਦਿੱਤਾ। ਨਖਤ ਸਿੰਘ ਭਾਟੀ ਦੇ ਪੁੱਤਰ ਰਾਜਿੰਦਰ ਸਿੰਘ ਦਾ ਵਿਆਹ ਜੋਧਪੁਰ ਦੇ ਪਿੰਡ ਕਾਕੋਣੀ ਨਿਵਾਸੀ ਆਨੰਦ ਸਿੰਘ ਚੰਪਾਵਤ ਦੀ ਧੀ ਨਾਲ ਹੋਣਾ ਸੀ।


ਇਸ ਰਾਜਪੂਤ ਲਾੜੇ ਨੇ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ ਦਾਜ ਦੇ ਸਖ਼ਤ ਖ਼ਿਲਾਫ਼ ਹੈ। ਉਨ੍ਹਾਂ ਨੂੰ ਦਾਜ ਨਹੀਂ, ਬਲਕਿ ਪਰਿਵਾਰ ਚਲਾਉਣ ਵਾਲੀ ਪੜ੍ਹੀ-ਲਿਖੀ ਤੇ ਸੰਸਕਾਰੀ ਲੜਕੀ ਚਾਹੀਦੀ ਹੈ। ਇਸ ਤੋਂ ਇਲਾਵਾ ਨਖਤ ਸਿੰਘ ਭਾਟੀ ਨੇ ਸਹੁਰਿਆਂ ਵੱਲੋਂ ਦਿੱਤਾ ਦਾਜ ਦਾ ਹੋਰ ਸਾਮਾਨ ਵੀ ਨਹੀਂ ਲਿਆ।

ਸ਼ੁੱਕਰਵਾਰ ਨੂੰ ਚੰਪਾਵਤ ਦੇ ਘਰ ਜੰਞ ਪੁੱਜੀ। ਸਹੁਰੇ ਪਰਿਵਾਰ ਨੇ ਲਾੜੇ ਨੂੰ ਟਿੱਕੇ ਦੇ ਸ਼ਗਨ ਵਜੋਂ ਦਾਜ ’ਚ 11 ਲੱਖ 25 ਹਜ਼ਾਰ ਰੁਪਏ ਨਾਲ ਭਰਿਆ ਥਾਲ ਦਿੱਤਾ ਤਾਂ ਦੋਵਾਂ ਪਿਉ-ਪੁੱਤ ਨੇ ਥਾਲ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਦਾਜ ਦੇ ਸਖ਼ਤ ਖਿਲਾਫ ਹਨ।