ਚੰਡੀਗੜ੍ਹ: ਆਸਟ੍ਰੇਲੀਆ ਖਿਲਾਫ ਪਹਿਲੇ ਤਿੰਨ ਵਨਡੇਅ ਮੈਚਾਂ ਵਿੱਚ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਉਮੀਦ ਤੋਂ ਕਾਫੀ ਘੱਟ ਹੈ। ਵਿਰਾਟ ਕੋਹਲੀ ਨੂੰ ਛੱਡ ਕੇ ਟਾਪ ਆਰਡਰ ਦਾ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਇਸ ਕਾਰਨ ਟਾਪ ਆਰਡਰ ਦੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ’ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਵਰਲਡ ਕੱਪ ਤੋਂ ਪਹਿਲਾਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਨੇ ਟੀਮ ਮੈਨੇਜਮੈਂਟ ਤੇ ਚੋਣ ਕਰਨ ਵਾਲਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

ਪਹਿਲੇ ਦੋ ਵਨਡੇਅ ਮੈਚਾਂ ਵਿੱਚ ਆਸਟ੍ਰੇਲੀਆਈ ਟੀਮ ਆਖਰੀ ਪਲਾਂ ਵਿੱਚ ਹਾਰ ਕੇ ਜਿੱਤ ਤੋਂ ਪਿੱਛੇ ਰਹਿ ਗਈ ਪਰ ਰਾਂਚੀ ਵਿੱਚ ਖੇਡੇ ਤੀਜੇ ਵਨਡੇਅ ਵਿੱਚ ਉਸ ਦੀ ਸ਼ਾਨਦਾਰ ਜਿੱਤ ਨੇ ਭਾਰਤੀ ਟੀਮ ਨੂੰ ਸਾਵਧਾਨ ਕਰ ਦਿੱਤਾ ਹੈ। ਵਿਸ਼ਵ ਕੱਪ ਦੇ ਲਿਹਾਜ਼ ਨਾਲ ਇਹ ਭਾਰਤ ਲਈ ਕਾਫੀ ਅਹਿਮ ਸੀਰੀਜ਼ ਮੰਨੀ ਜਾ ਰਹੀ ਹੈ। ਅਜਿਹੇ ਵਿੱਚ ਭਾਰਤੀ ਬੱਲੇਬਾਜ਼ਾਂ ਦਾ ਸੰਘਰਸ਼ ਉਸ ਲਈ ਚੰਗੀ ਗੱਲ ਨਹੀਂ।

ਅੱਜ ਦੋਵੇਂ ਟੀਮਾਂ ਮੁਹਾਲੀ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਚੌਥੇ ਵਨਡੇਅ ਵਿੱਚ ਆਸਟ੍ਰੇਲੀਆ ਦੀਆਂ ਨਜ਼ਰਾਂ ਸੀਰੀਜ਼ ਵਿੱਚ 2-2 ਦੀ ਬਰਾਬਰੀ ਕਰਨ ’ਤੇ ਹੋਣਗੀਆਂ ਪਰ ਮੇਜ਼ਬਾਨ ਭਾਰਤ ਜ਼ਖ਼ਮੀ ਸ਼ੇਰ ਵਾਂਗ ਸੀਰੀਜ਼ ਵਿੱਚ ਤੀਜੀ ਜਿੱਤ ਹਾਸਲ ਕਰਨ ਲਈ ਕਾਹਲਾ ਹੋਏਗਾ।