ਚੰਡੀਗੜ੍ਹ: ਪਾਕਿਸਤਾਨ ਦੇ ਬਾਲਾਕੋਟ ਵਿੱਚ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੀ ਏਅਰ ਸਟ੍ਰਾਈਕ ਸਬੰਧੀ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਹਮਲੇ ਵਾਲੀ ਥਾਂ ਮੀਡੀਆ ਦੀ ਪਹੁੰਚ ’ਤੇ ਪਾਬੰਧੀ ਇਸ ਲਈ ਲਾਈ ਹੋਈ ਹੈ ਕਿਉਂਕਿ ਉੱਥੇ ਹਾਲੇ ਵੀ ਅੱਤਵਾਦੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਹਨ। ਪਾਕਿਸਤਾਨ ਹਾਲੇ ਲਾਸ਼ਾਂ ਨੂੰ ਉੱਥੋਂ ਹਟਾ ਰਿਹਾ ਹੈ। ਪਾਕਿਸਤਾਨ ਨੇ ਕੌਮਾਂਤਰੀ ਮੀਡੀਆ ਨੂੰ ਪਿਛਲੇ 9 ਦਿਨਾਂ ਤੋਂ 3 ਵਾਰ ਬਾਲਾਕੋਟ ਜਾਣ ਤੋਂ ਇਨਕਾਰ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਮੀਡੀਆ ਨੂੰ ਹਮਲੇ ਵਾਲੀ ਥਾਂ ਤੋਂ 100 ਮੀਟਰ ਦੀ ਦੂਰੀ ’ਤੇ ਰੱਖਿਆ ਗਿਆ ਹੈ। ਇੰਨੀ ਦੂਰ ਤੋਂ ਤਾਂ ਕੁਝ ਵੀ ਸਾਫ-ਸਾਫ ਦਿਖਾਈ ਨਹੀਂ ਦੇ ਰਿਹਾ। ਇਸ ਵੇਲੇ ਵੀ ਬਾਲਾਕੋਟ ਵਿੱਚ ਅੱਤਵਾਦੀਆਂ ਦੀਆਂ ਕਈ ਲਾਸ਼ਾਂ ਪਈਆਂ ਹੋਈਆਂ ਹਨ। ਪਾਕਿਸਤਾਨ ਨੂੰ ਲੱਗਦਾ ਹੈ ਕਿ ਜੇ ਕੌਮਾਂਤਰੀ ਮੀਡੀਆ ਉੱਥੇ ਪਹੁੰਚ ਗਿਆ ਤਾਂ ਉਸ ਦਾ ਝੂਠ ਦੁਨੀਆ ਦੇ ਸਾਹਮਣੇ ਆ ਜਾਏਗਾ।
ਪੁਲਵਾਮਾ ਅੱਤਵਾਦੀ ਹਮਲੇ ਦੇ ਕਰੀਬ ਇੱਕ ਮਹੀਨੇ ਬੀਤ ਜਾਣ ਬਾਅਦ ਵੀ ਪਾਕਿਸਤਾਨ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਲਗਾਤਾਰ ਝੂਠ ਬੋਲ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਹਾਲੇ ਵੀ ਪੁਲਵਾਮਾ ਹਮਲੇ ਨੂੰ ਜੈਸ਼ ਵੱਲੋਂ ਕਰਵਾਏ ਜਾਣ ਦੀ ਗੱਲ ਨਕਾਰ ਰਿਹਾ ਹੈ ਜਦਕਿ ਜਦਕਿ ਜੈਸ਼ ਨੇ ਖ਼ੁਦ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਤਵਾਦ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖੇਗਾ। ਭਾਰਤੀ ਫੌਜ ਵੀ ਚੌਕੰਨੀ ਰਹੇਗੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਜੇ ਪਾਕਿਸਤਾਨ ਨਵੀਂ ਸੋਚ ਨਾਲ ਨਵਾਂ ਪਾਕਿਸਤਾਨ ਹੋਣ ਦੇ ਦਾਅਵੇ ਕਰਦਾ ਹੈ ਤਾਂ ਉਸ ਨੂੰ ਅੱਤਵਾਦੀ ਸੰਗਠਨਾਂ ਤੇ ਸਰਹੱਦ ’ਤੇ ਡਟੇ ਅੱਤਵਾਦ ਖਿਲਾਫ ਵੀ ਨਵਾਂ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਜੈਸ਼ ਦੇ ਟਿਕਾਣਿਆਂ ’ਤੇ ਭਾਰਤੀ ਹਵਾਈ ਫੌਜ ਦੀ ਕਾਰਵਾਈ ਸਫ਼ਲ ਰਹੀ।