ਚੋਣ ਰੈਲੀਆਂ ਵਿੱਚ ਹੁਣ ਨਹੀਂ ਲੱਗਣਗੇ ਜਵਾਨਾਂ ਤੇ ਫੌਜ ਦੀਆਂ ਕਾਰਵਾਈਆਂ ਦੇ ਪੋਸਟਰ
ਏਬੀਪੀ ਸਾਂਝਾ | 10 Mar 2019 10:03 AM (IST)
ਨਵੀਂ ਦਿੱਲੀ: ਚੋਣ ਰੈਲੀਆਂ ਵਿੱਚ ਹੁਣ ਕਿਸੇ ਜਵਾਨ ਜਾਂ ਫੌਜ ਦੀ ਕਾਰਵਾਈ ਨਾਲ ਸਬੰਧਿਤ ਕੋਈ ਵੀ ਤਸਵੀਰ ਨਹੀਂ ਵਰਤੀ ਜਾਏਗੀ। ਦਰਅਸਲ ਚੋਣ ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਚੋਣ ਅਭਿਆਨ ਵਿੱਚ ਜਵਾਨਾਂ ਤੇ ਫੌਜ ਅਭਿਆਨਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਕਰਨ ਤੋਂ ਪਰਹੇਜ਼ ਕਰਨ ਦੀ ਹਦਾਇਤ ਦਿੱਤੀ ਹੈ। ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ 2013 ਵਿੱਚ ਜਾਰੀ ਸਲਾਹ ਦਾ ਹਵਾਲਾ ਦਿੰਦਿਆਂ ਸਾਰੇ ਸਿਆਸੀ ਦਲਾਂ ਦੇ ਮੁਖੀਆਂ ਨੂੰ ਆਪਣੇ ਪਾਰਟੀ ਪ੍ਰਤੀਨਿਧਾਂ ਤੇ ਉਮੀਦਵਾਰਾਂ ਨੂੰ ਇਸ ਹਦਾਇਤ ਦਾ ਸਖ਼ਤੀ ਨਾਲ ਪਾਲਣ ਯਕੀਨੀ ਕਰਨ ਲਈ ਕਿਹਾ ਹੈ। ਕਮਿਸ਼ਨ ਨੇ ਇੱਕ ਸਿਆਸੀ ਦਲ ਦੇ ਪੋਸਟਰ ਵਿੱਚ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਤਸਵੀਰ ਦੇ ਕਥਿਤ ਇਸਤੇਮਾਲ ਦਾ ਨੋਟਿਸ ਲੈਂਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਜਿਹਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਯਾਦ ਰਹੇ ਕਿ ਕਮਿਸ਼ਨ ਨੇ ਦਸੰਬਰ 2013 ਵਿੱਚ ਰੱਖਿਆ ਮੰਤਰਾਲੇ ਦੀ ਸ਼ਿਕਾਇਤ 'ਤੇ ਇਹ ਸਲਾਹ ਜਾਰੀ ਕੀਤੀ ਗੀਸੀ। ਇਸ ਵਿੱਚ ਰੱਖਿਆ ਮੰਤਰਾਲੇ ਨੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਅਭਿਆਨ ਵਿੱਚ ਜਵਾਨਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਕਰਨ ’ਤੇ ਚੋਣ ਕਮਿਸ਼ਨ ਦਾ ਧਿਆਨ ਖਿੱਚਿਆ ਅਤੇ ਚੋਣ ਮੁਹਿੰਮ ਵਿਚ ਫੌਜ ਦੇ ਜਵਾਨਾਂ ਦੀਆਂ ਤਸਵੀਰ ਦਾ ਇਸਤੇਮਾਲ ਰੋਕਣ ਲਈ ਢੁੱਕਵੇਂ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਸੀ।