ਨਵੀਂ ਦਿੱਲੀ: ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ-GST) ਕੁਲੈਕਸ਼ਨ ਜੁਲਾਈ 'ਚ 33 ਫੀਸਦੀ ਵਧ ਕੇ 1.16 ਲੱਖ ਕਰੋੜ ਰੁਪਏ ਹੋ ਗਿਆ ਹੈ। ਵਿੱਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜੁਲਾਈ ਮਹੀਨੇ ਲਈ ਜੀਐਸਟੀ ਕੁਲੈਕਸ਼ਨ ਦੇ ਅੰਕੜੇ ਦਰਸਾਉਂਦੇ ਹਨ ਕਿ ਅਰਥਵਿਵਸਥਾ ਤੇਜ਼ੀ ਨਾਲ ਆਪਣੀ ਲੀਹ ਉੱਤੇ ਵਾਪਸ ਆਉਂਦੀ ਜਾ ਰਹੀ ਹੈ। ਜੁਲਾਈ, 2020 ਵਿੱਚ ਜੀਐਸਟੀ ਕੁਲੈਕਸ਼ਨ 87,422 ਕਰੋੜ ਰੁਪਏ ਸੀ। ਇਸ ਤੋਂ ਪਹਿਲਾਂ, ਪਿਛਲੇ ਮਹੀਨੇ ਭਾਵ ਜੂਨ, 2021 ਵਿੱਚ ਜੀਐਸਟੀ ਕੁਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਘੱਟ ਭਾਵ 92,849 ਕਰੋੜ ਰੁਪਏ ਸੀ।


ਜੀਐਸਟੀ ਕੁਲੈਕਸ਼ਨ 1,16,393 ਕਰੋੜ ਰੁਪਏ ਰਹੀ


ਅੰਕੜਿਆਂ ਅਨੁਸਾਰ ਜੁਲਾਈ, 2021 ਵਿੱਚ ਕੁੱਲ ਜੀਐਸਟੀ ਮਾਲੀਆ 1,16,393 ਕਰੋੜ ਰੁਪਏ ਰਿਹਾ। ਇਸ ਵਿੱਚੋਂ, ਕੇਂਦਰੀ ਜੀਐਸਟੀ 22,197 ਕਰੋੜ ਰੁਪਏ, ਸਟੇਟ ਜੀਐਸਟੀ 28,541 ਕਰੋੜ ਰੁਪਏ, ਏਕੀਕ੍ਰਿਤ ਜੀਐਸਟੀ 57,864 ਕਰੋੜ ਰੁਪਏ (ਜਿਸ ਵਿੱਚੋਂ 27,900 ਕਰੋੜ ਰੁਪਏ ਮਾਲ ਦੀ ਦਰਾਮਦ 'ਤੇ ਜੁਟਾਏ ਗਏ) ਤੇ 7,790 ਕਰੋੜ ਰੁਪਏ (ਸਾਮਾਨ ਦੇ ਦਰਾਮਦ ਭਾਵ ਇੰਪੋਰਟ 'ਤੇ 815 ਕਰੋੜ ਰੁਪਏ ਜੁਟਾਏ ਗਏ ਸਨ )।


ਜੁਲਾਈ, 2021 ਵਿੱਚ ਜੀਐਸਟੀ ਕੁਲੈਕਸ਼ਨ ਦਾ ਅੰਕੜਾ ਇੱਕ ਸਾਲ ਪਹਿਲਾਂ ਦੇ ਇਸੇ ਮਹੀਨੇ ਦੇ ਮੁਕਾਬਲੇ 33 ਫੀਸਦੀ ਵੱਧ ਸੀ। ਇਸ ਵਿੱਚ 1 ਤੋਂ 31 ਜੁਲਾਈ ਤੱਕ ਦਾਇਰ ਕੀਤੀ ਗਈ ਜੀਐਸਟੀ ਰਿਟਰਨ, ਉਸੇ ਸਮੇਂ ਲਈ ਆਈਜੀਐਸਟੀ ਤੇ ਸਾਮਾਨ ਦੇ ਆਯਾਤ ਉੱਤੇ ਇਕੱਠੇ ਕੀਤੇ ਸੈੱਸ ਸ਼ਾਮਲ ਹਨ।


ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 36 ਫੀਸਦੀ ਜ਼ਿਆਦਾ


ਸਮੀਖਿਆ ਅਧੀਨ ਮਹੀਨੇ ਵਿੱਚ ਸਾਮਾਨ ਦੀ ਦਰਾਮਦ ਤੋਂ ਹੋਣ ਵਾਲੀ ਆਮਦਨ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 36 ਪ੍ਰਤੀਸ਼ਤ ਜ਼ਿਆਦਾ ਸੀ। ਦੂਜੇ ਪਾਸੇ, ਘਰੇਲੂ ਲੈਣ-ਦੇਣ (ਸੇਵਾਵਾਂ ਦੀ ਦਰਾਮਦ ਸਮੇਤ) ਤੋਂ ਸੰਗ੍ਰਹਿ 32 ਪ੍ਰਤੀਸ਼ਤ ਵੱਧ ਸੀ। ਵਿੱਤ ਮੰਤਰਾਲੇ ਨੇ ਕਿਹਾ ਕਿ ਲਗਾਤਾਰ ਅੱਠ ਮਹੀਨਿਆਂ ਤੱਕ ਜੀਐਸਟੀ ਕੁਲੈਕਸ਼ਨ ਦਾ ਅੰਕੜਾ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਸੀ। ਇਸ ਦੇ ਬਾਅਦ ਜੂਨ 2021 ਵਿੱਚ, ਇਹ ਇਸਦੇ ਹੇਠਾਂ ਆ ਗਿਆ। ਇਹ ਇਸ ਲਈ ਸੀ ਕਿਉਂਕਿ ਜੂਨ ਸੰਗ੍ਰਹਿ ਮਈ ਦੇ ਲੈਣ-ਦੇਣ ਨਾਲ ਸਬੰਧਤ ਸਨ।


ਮਈ, 2021 ਦੌਰਾਨ, ਕੋਵਿਡ-19 ਕਾਰਨ ਜ਼ਿਆਦਾਤਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੂਰਨ ਜਾਂ ਅੰਸ਼ਕ ਲੌਕਡਾਊਨ ਸੀ। ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਨਾਲ ਸਬੰਧਤ ਪਾਬੰਦੀਆਂ ਵਿੱਚ ਢਿੱਲ ਦੇ ਨਾਲ, ਜੁਲਾਈ ਲਈ ਜੀਐਸਟੀ ਕੁਲੈਕਸ਼ਨ ਦਾ ਅੰਕੜਾ ਇੱਕ ਵਾਰ ਫਿਰ ਇੱਕ ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਹ ਦਰਸਾਉਂਦਾ ਹੈ ਕਿ ਅਰਥ ਵਿਵਸਥਾ ਹੁਣ ਪੁਨਰ ਸੁਰਜੀਤ ਹੋ ਰਹੀ ਹੈ।