ਗੁਜਰਾਤ 'ਚ ਮਹਿਸਾਗਰ ਦਰਿਆ 'ਤੇ ਬਣਿਆ ਇੱਕ ਪੁਰਾਣਾ ਪੁਲ ਢਹਿ ਗਿਆ ਹੈ। ਇਸ ਹਾਦਸੇ ਵਿੱਚ ਹੁਣ ਤੱਕ 5 ਵਾਹਨ ਪੁਲ ਸਮੇਤ ਦਰਿਆ 'ਚ ਡਿੱਗ ਚੁੱਕੇ ਹਨ, ਜਦਕਿ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਝ ਲੋਕਾਂ ਨੂੰ ਬਚਾਇਆ ਗਿਆ ਹੈ। ਜਿਸ ਤੋਂ ਬਾਅਦ ਪੁਲ ਤੋਂ ਲੰਘਣ ਵਾਲੇ ਲੋਕਾਂ ਦੇ ਵਿੱਚ ਹੜਕੰਪ ਮੱਚ ਗਿਆ ਹੈ। ਇਸ ਖਬਰ ਦੇ ਨਾਲ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ।
ਇਹ ਪੁਲ 1985 'ਚ ਬਣਾਇਆ ਗਿਆ ਸੀ
ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਤਕਨੀਕੀ ਵਿਸ਼ੇਸ਼ਗਿਆਨਾਂ ਦੀ ਟੀਮ ਨੂੰ ਮੌਕੇ 'ਤੇ ਭੇਜ ਕੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਸੜਕ ਤੇ ਭਵਨ ਵਿਭਾਗ ਦੇ ਸਕੱਤਰ ਪੀ.ਆਰ. ਪਟੇਲੀਆ ਨੇ ਕਿਹਾ ਕਿ "ਸਾਨੂੰ ਗੰਭੀਰਾ ਪੁਲ ਦੇ ਨੁਕਸਾਨ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ਗਿਆਨਾਂ ਦੀ ਟੀਮ ਘਟਨਾ ਸਥਾਨ 'ਤੇ ਭੇਜੀ ਗਈ ਹੈ।"
ਚੇਤਾਵਨੀ ਦੇ ਬਾਵਜੂਦ ਵੀ ਪੁਲ 'ਤੇ ਆਵਾਜਾਈ ਨਹੀਂ ਰੋਕੀ ਗਈ
ਪੁਲ ਢਹਿ ਜਾਣ ਨਾਲ ਜੋ 5 ਵਾਹਨ ਦਰਿਆ 'ਚ ਡਿੱਗੇ, ਉਨ੍ਹਾਂ ਵਿੱਚੋਂ 2 ਟਰੱਕ ਪੂਰੀ ਤਰ੍ਹਾਂ ਪਾਣੀ ਵਿੱਚ ਸਮਾ ਗਏ, ਜਦਕਿ ਇੱਕ ਟੈਂਕਰ ਅੱਧਾ ਲਟਕਿਆ ਰਹਿ ਗਿਆ।
ਪੁਲ ਢਹਿਣ ਦੇ ਨਾਲ ਹੀ ਮੌਕੇ 'ਤੇ ਅਫੜਾ-ਤਫੜੀ ਮਚ ਗਈ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ। ਦੱਸ ਦਈਏ ਕਿ ਇਹ ਪੁਲ 1981 ਵਿੱਚ ਤਿਆਰ ਹੋਇਆ ਸੀ ਅਤੇ 1985 ਵਿੱਚ ਆਵਾਜਾਈ ਲਈ ਖੋਲ੍ਹਿਆ ਗਿਆ ਸੀ, ਪਰ ਸਮੇਂ ਦੇ ਨਾਲ ਇਹ ਬਹੁਤ ਹੀ ਖਸਤਾਹਾਲ ਹੋ ਗਿਆ ਸੀ।
ਸਥਾਨਕ ਵਿਧਾਇਕ ਚੈਤਨਿਆ ਸਿੰਘ ਝਾਲਾ ਪਹਿਲਾਂ ਹੀ ਇਸ ਪੁਲ ਲਈ ਚੇਤਾਵਨੀ ਦੇ ਚੁੱਕੇ ਸਨ ਅਤੇ ਨਵੇਂ ਪੁਲ ਦੀ ਮੰਗ ਵੀ ਕਰ ਚੁੱਕੇ ਸਨ। ਇਸਦੇ ਬਾਵਜੂਦ ਵੀ ਪੁਰਾਣੇ ਪੁਲ 'ਤੇ ਵਾਹਨਾਂ ਦੀ ਆਵਾਜਾਈ ਨਹੀਂ ਰੋਕੀ ਗਈ। ਹੁਣ ਸਰਕਾਰ ਵੱਲੋਂ 212 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਪੁਲ ਦੇ ਨਿਰਮਾਣ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਸ ਲਈ ਸਰਵੇਅ ਵੀ ਕਰਾਇਆ ਜਾ ਚੁੱਕਾ ਹੈ।
ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਤਕਨੀਕੀ ਵਿਸ਼ੇਸ਼ਗਿਆਨਾਂ ਦੀ ਟੀਮ ਨੂੰ ਮੌਕੇ 'ਤੇ ਭੇਜ ਕੇ ਜਾਂਚ ਦੇ ਹੁਕਮ ਦਿੱਤੇ ਹਨ। ਹਾਦਸੇ ਦੇ ਤੁਰੰਤ ਬਾਅਦ ਹੀ ਅਧਿਕਾਰੀ ਗਤੀਵਿਧ ਹੋ ਗਏ ਅਤੇ ਦਰਿਆ 'ਚ ਡਿੱਗੇ ਵਾਹਨਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਤੈਰਾਕਾਂ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਘਟਨਾ ਇੱਕ ਵਾਰ ਫਿਰ ਪੁਰਾਣੀ ਅਤੇ ਕਮਜ਼ੋਰ ਢਾਂਚਾਗਤ ਸੁਵਿਧਾਵਾਂ 'ਤੇ ਗੰਭੀਰ ਸਵਾਲ ਖੜੇ ਕਰਦੀ ਹੈ। ਜੇਕਰ ਸਮੇਂ ਸਿਰ ਪੁਲ 'ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਜਾਂਦੀ ਅਤੇ ਨਵੇਂ ਪੁਲ ਦਾ ਕੰਮ ਸ਼ੁਰੂ ਹੋ ਜਾਂਦਾ, ਤਾਂ ਸ਼ਾਇਦ ਇਹ ਭਿਆਨਕ ਹਾਦਸਾ ਟਲ ਸਕਦਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਜਾਂਚ ਰਿਪੋਰਟ ਵਿੱਚ ਕੀ ਸਾਹਮਣੇ ਆਉਂਦਾ ਹੈ ਅਤੇ ਦੋਸ਼ੀਆਂ ਵਿਰੁੱਧ ਕਿਹੋ ਜਿਹੀ ਕਾਰਵਾਈ ਕੀਤੀ ਜਾਂਦੀ ਹੈ।