ਗੁਜਰਾਤ : ਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈਸ ਰੇਲਗੱਡੀ ਦੱਖਣੀ ਗੁਜਰਾਤ ਦੇ ਵਲਸਾਡ ਨੇੜੇ ਰੇਲਵੇ ਟ੍ਰੈਕ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਥਿਤ ਤੌਰ ’ਤੇ ਰੱਖੇ ਸੀਮਿੰਟ ਦੇ ਖੰਭੇ ਨਾਲ ਟਕਰਾ ਗਈ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਟਰੇਨ ਸ਼ੁੱਕਰਵਾਰ ਸ਼ਾਮ ਕਰੀਬ 7.10 ਵਜੇ ਖੰਭੇ ਨਾਲ ਟਕਰਾ ਗਈ। ਪੁਲਿਸ ਨੂੰ ਸ਼ੱਕ ਹੈ ਕਿ ਦਿੱਲੀ ਜਾ ਰਹੀ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਦੇ ਤਹਿਤ ਖੰਭੇ ਨੂੰ ਪਟੜੀ 'ਤੇ ਰੱਖਿਆ ਗਿਆ ਸੀ, ਪੁਲਿਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ।

 

ਵਲਸਾਡ ਦਿਹਾਤੀ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ, “ਮੁੰਬਈ-ਹਜ਼ਰਤ ਨਿਜ਼ਾਮੂਦੀਨ ਅਗਸਤ ਕ੍ਰਾਂਤੀ ਰਾਜਧਾਨੀ ਐਕਸਪ੍ਰੈਸ ਰੇਲਗੱਡੀ ਵਲਸਾਡ ਨੇੜੇ ਅਤੁਲ ਸਟੇਸ਼ਨ ਨੇੜੇ ਰੇਲਵੇ ਟ੍ਰੈਕ ਉੱਤੇ ਲੱਗੇ ਸੀਮਿੰਟ ਦੇ ਖੰਭੇ ਨਾਲ ਟਕਰਾ ਗਈ। ਟਰੇਨ ਨਾਲ ਟਕਰਾਉਣ ਤੋਂ ਬਾਅਦ ਖੰਭਾ ਪਟੜੀ ਤੋਂ ਹਟ ਗਿਆ। ਇਸ ਘਟਨਾ ਕਾਰਨ ਰੇਲਗੱਡੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਉਹ ਅੱਗੇ ਚਲੀ ਗਈ। ਯਾਤਰਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। 

 

ਟਰੇਨ ਡਰਾਈਵਰ ਨੇ ਤੁਰੰਤ ਅਤੁਲ ਰੇਲਵੇ ਸਟੇਸ਼ਨ ਦੇ ਸਟਾਫ ਨੂੰ ਸੂਚਿਤ ਕੀਤਾ।'ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਸ ਅਤੇ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਦੇ ਇੰਸਪੈਕਟਰ ਜਨਰਲ (ਸੂਰਤ ਰੇਂਜ) ਰਾਜਕੁਮਾਰ ਪਾਂਡਿਅਨ ਨੇ ਪੱਤਰਕਾਰਾਂ ਨੂੰ ਦੱਸਿਆ, ''ਕੁਝ ਬਦਮਾਸ਼ਾਂ ਨੇ ਟਰੈਕ 'ਤੇ ਸੀਮਿੰਟ ਦਾ ਖੰਭਾ ਰੱਖ ਦਿੱਤਾ ਸੀ। ਟਰੇਨ ਖੰਭੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਟਰੇਨ ਮੈਨੇਜਰ ਨੇ ਤੁਰੰਤ ਸਥਾਨਕ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ।

 

 ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ। ਵਲਸਾਡ ਦਿਹਾਤੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਲਸਾਡ ਦਿਹਾਤੀ ਪੁਲਿਸ ਸਟੇਸ਼ਨ ਵਿੱਚ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਤਕਨੀਕੀ ਨਿਗਰਾਨੀ ਅਤੇ ਮਨੁੱਖੀ ਸੂਝਬੂਝ ਦੀ ਵਰਤੋਂ ਕਰਕੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490