ਨਵੀਂ ਦਿੱਲੀ: ਗੁਜਰਾਤ ਦੇ ਚਾਰ ਵਾਰ ਮੁੱਖ ਮੰਤਰੀ ਰਹੇ ਮਾਧਵ ਸਿੰਘ ਸੋਲੰਕੀ ਦਾ 94 ਸਾਲ ਦੀ ਉਮਰ 'ਚ ਅੱਜ ਦੇਹਾਂਤ ਹੋ ਗਿਆ। ਮਾਧਵ ਸਿੰਘ ਸੋਲੰਕੀ ਕਾਂਗਰਸ ਪਾਰਟੀ ਦੇ ਦਿੱਗਜ ਨੇਤਾ ਤੇ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਰਹਿ ਚੁੱਕੇ ਹਨ। ਉਹ ਚਾਰ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।


ਉਹ 1980 'ਚ ਪਹਿਲੀ ਵਾਰ ਗੁਜਰਾਤ ਦੀ ਸੱਤਾ 'ਚ ਆਏ ਸਨ। ਉਹ 1973-1975-1982-1985 ਦੇ ਸਾਲਾਂ 'ਚ ਗੁਜਰਾਤ ਦੇ ਮੁੱਖ ਮੰਤਰੀ ਰਹੇ। ਇੱਥੋਂ ਤਕ ਕਿ ਨਰੇਂਦਰ ਮੋਦੀ ਗੁਜਰਾਤ ਵਿਧਾਨ ਸਭਾ ਦੀਆਂ 182 ਸੀਟਾਂ 'ਚੋਂ 149 ਸੀਟਾਂ ਜਿੱਤਣ ਦੇ ਰਿਕਾਰਡ ਨੂੰ ਤੋੜ ਨਹੀਂ ਸਕੇ।


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਾਧਵ ਸਿੰਘ ਸੋਲੰਕੀ ਦੇ ਦੇਹਾਂਤ 'ਤੇ ਸ਼ੋਕ ਜ਼ਾਹਰ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, 'ਮਾਧਵ ਸਿੰਘ ਸੋਲੰਕੀ ਜੀ ਇਕ ਦਿੱਗਜ ਲੀਡਰ ਸਨ। ਜਿੰਨ੍ਹਾਂ ਦਹਾਕਿਆਂ ਤਕ ਗੁਜਰਾਤ ਦੀ ਸਿਆਸਤ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਸਮਾਜ ਪ੍ਰਤੀ ਉਨ੍ਹਾਂ ਦੀ ਸਮ੍ਰਿੱਧ ਸੇਵਾ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪੁੱਤਰ ਭਰਤ ਸੋਲੰਕੀ ਜੀ ਨਾਲ ਗੱਲ ਕੀਤੀ ਤੇ ਸੰਵੇਦਨਾ ਵਿਅਕਤ ਕੀਤੀ।'


ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਵੀ ਪਾਰਟੀ ਦੇ ਦਿੱਗਜ ਲੀਡਰ ਦੇ ਦੇਹਾਂਤ 'ਤੇ ਸ਼ੋਕ ਜ਼ਾਹਰ ਕੀਤਾ ਹੈ। ਰਾਹੁਲ ਗਾਂਧੀ ਨੇ ਲਿਖਿਆ, 'ਮਾਧਵ ਸਿੰਘ ਸੰਲੋਕੀ ਦੇ ਦੇਹਾਂਤ ਤੋਂ ਦੁਖੀ ਹਾਂ। ਕਾਂਗਰਸ ਦੀ ਵਿਚਾਰਧਾਰਾ ਨੂੰ ਮਜਬੂਤ ਕਰਨ 'ਤੇ ਸਮਾਜਿਕ ਨਿਆਂ ਨੂੰ ਬੜਾਵਾ ਦੇਣ 'ਚ ਉਨ੍ਹਾਂ ਦੇ ਯੋਗਦਾਨ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਦੇ ਪ੍ਰਤੀ ਗਹਿਰੀ ਸੰਵੇਦਨਾ।'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ