ਅਹਿਮਦਾਬਾਦ: ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸੂਬੇ ਦੀਆਂ ਮਸ਼ਹੂਰ ਥਾਵਾਂ ਦੇ ਨਾਂਅ ਬਦਲਣ ਤੋਂ ਬਾਅਦ ਗੁਜਰਾਤ ਦੀ ਭਾਜਪਾ ਸਰਕਾਰ ਨੇ ਵੀ ਇਹੋ ਕਵਾਇਦ ਸ਼ੁਰੂ ਕਰ ਦਿੱਤੀ ਹੈ। ਯੂਪੀ ਸਰਕਾਰ ਨੇ ਇਲਾਹਾਬਾਦ ਦਾ ਨਾਂਅ ਬਦਲ ਕੇ ਪ੍ਰਯਾਗਰਾਜ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਯੂਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੇ ਦੀਵਾਲੀ ਮੌਕੇ ਫੈਜ਼ਾਬਾਦ ਦਾ ਨਾਂਅ ਬਦਲ ਕੇ ਅਯੁੱਧਿਆ ਰੱਖਣ ਦਾ ਐਲਾਨ ਕੀਤਾ ਸੀ। ਹੁਣ ਨਾਂਅ ਬਦਲਣ ਦੀ ਲਿਸਟ ‘ਚ ਗੁਜਰਾਤ ਸਰਕਾਰ ਵੀ ਸ਼ਾਮਿਲ ਹੋਣ ਜਾ ਰਹੀ ਹੈ।

ਜੀ ਹਾਂ, ਗੁਜਰਾਤ ਦੀ ਸੂਬਾ ਸਰਕਾਰ ਅਹਿਮਦਾਬਾਦ ਦਾ ਨਾਂਅ ਬਦਲਣ ਦਾ ਮਨ ਬਣਾ ਰਹੀ ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਮੀਡੀਆ ਨੂੰ ਕਿਹਾ, "ਅਸੀਂ ਅਹਿਮਦਾਬਾਦ ਦਾ ਨਾਂਅ ਕਾਨੂੰਨੀ ਤੌਰ ‘ਤੇ ਕਰਣਾਵਤੀ ਕਰਨ ਦਾ ਵਿਚਾਰ ਕਰ ਰਹੇ ਹਾਂ। ਸਭ ਕਾਨੂੰਨੀ ਪਹਿਲੂਆਂ ‘ਤੇ ਵਿਚਾਰ ਕਰਨ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ।"


ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਗਾਂਧੀਨਗਰ ‘ਚ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਭਾਜਪਾ ਸਰਕਾਰ ਅਹਿਮਦਾਬਾਦ ਦਾ ਨਾਂਅ ਬਦਲਣ ਲਈ ਤਿਆਰ ਹੈ ਜੇਕਰ ਕਾਨੂਨੀ ਮੁਸ਼ਕਲਾਂ ਪਾਰ ਹੋ ਜਾਂਦੀਆਂ ਹਨ ਅਤੇ ਜ਼ਰੂਰੀ ਸਮਰਥਨ ਮਿਲ ਜਾਂਦਾ ਹੈ ਤਾਂ ਨਾਂਅ ਬਦਲ ਜਾਵੇਗਾ।

ਉੱਧਰ, ਯੂਪੀ ‘ਚ ਇੱਕ ਮੈਡੀਕਲ ਕਾਲਜ ਅਤੇ ਏਅਰਪੋਰਟ ਬਣਾਉਣ ਦਾ ਐਲਾਨ ਯੋਗੀਨਾਥ ਨੇ ਕੀਤਾ ਹੈ। ਏਅਰਪੋਰਟ ਦਾ ਨਾਂਅ ਭਗਵਾਨ ਰਾਮ ਦੇ ਨਾਂਅ ‘ਤੇ ਅਤੇ ਮੈਡੀਕਲ ਕਾਲਜ ਦਾ ਨਾਂਅ ਰਾਜਾ ਦਸ਼ਰਥ ਦੇ ਨਾਂਅ ਦੇ ਅਧਾਰ ‘ਤੇ ਰੱਖਿਆ ਜਾਵੇਗਾ। ਸਿਆਸੀ ਮਾਹਰਾਂ ਮੁਤਾਬਕ ਭਾਜਪਾ ਸਰਕਾਰਾਂ ਆਉਂਦੀਆਂ ਚੋਣਾਂ ਦੌਰਾਨ ਗੂੜ੍ਹ ਹਿੰਦੂ ਹਿਤੈਸ਼ੀ ਵਾਲੀ ਦਿੱਖ ਬਰਕਰਾਰ ਰੱਖਣ ਲਈ ਅਜਿਹੇ ਕਦਮ ਚੁੱਕ ਰਹੀਆਂ ਹਨ।