ਤਿਰੂਵਨੰਤਪੁਰਮ: ਕੇਰਲ ਦੇ ਸਬਰੀਮਾਲਾ ‘ਚ ਭਗਵਾਨ ਅਯੱਪਾ ਮੰਦਰ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਮਹਿਲਾ ਸ਼ਰਧਾਲੂ ‘ਤੇ 200 ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਨੂੰ ਸ਼ੱਕ ਸੀ ਕਿ ਪੀੜਤਾ ਮਹਾਵਾਰੀ ਚੱਕਰ ਵਾਲੀ ਉਮਰ ਦੀ ਮਹਿਲਾ ਹੈ।
ਸਬਰੀਮਾਲਾ ਮੰਦਰ ‘ਚ 10-50 ਉਮਰ ਦੀਆਂ ਔਰਤਾਂ ਦੇ ਦਾਖ਼ਲੇ ‘ਤੇ ਲੱਗੀ ਰੋਕ ਨੂੰ ਸੁਪਰੀਮ ਕੋਰਟ ਨੇ ਹਟਾ ਦਿੱਤਾ ਸੀ, ਜਿਸ ‘ਤੇ ਲਗਾਤਾਰ ਵਿਰੋਧ ਹੋ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ‘ਚ 29 ਸਾਲ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੀਤਾ ਗਿਆ ਹੈ। ਪਥਾਨਾਮਥਿੱਟਾ ਜ਼ਿਲ੍ਹੇ ਦੇ ਏਲਾਂਥੂਰ ਦਾ ਰਹਿਣਾ ਵਾਲਾ ਸੂਰਜ ਮੰਗਲਵਾਰ ਨੂੰ ਹੋਈ ਇਸ ਘਟਨਾ ‘ਚ ਮੁੱਖ ਮੁਲਜ਼ਮਾਂ ਚੋਂ ਇੱਕ ਹੈ।
ਘਟਨਾ ਮੰਗਲਵਾਰ ਨੂੰ ਵਿਸ਼ੇਸ਼ ਰੀਤਾਂ ਤੋਂ ਬਾਅਦ ਦੋ ਦਿਨ ਲਈ ਮੰਦਰ ਖੁੱਲ੍ਹਣ ਸਮੇਂ ਵਾਪਰੀ। ਸੈਂਕੜੇ ਭਗਤਾਂ ਨੇ ਗੁੱਸੇ ‘ਚ 52 ਸਾਲਾਂ ਲਲਿਤਾ ਰਾਵੀ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਮੰਦਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਥਾਨਾਮਥਿੱਟਾ ਦੇ ਪੁਲਿਸ ਅਧਿਕਾਰੀ ਟੀ ਨਾਰਾਇਜ਼ ਨੇ ਦੱਸਿਆ ਕਿ ਹੋਰ ਮੁਲਜ਼ਮਾਂ ਨੂੰ ਫੜਣ ਲਈ ਜਾਂਚ ਚਲ ਰਹੀ ਹੈ। ਉਨ੍ਹਾਂ ਨੇ ਡਿਜੀਟਲ ਸਬੂਤਾਂ ਅਤੇ ਤਸਵੀਰਾਂ ਦੇ ਅਧਾਰ ‘ਤੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਲਲਿਤਾ ਨੂੰ ਮਦਰ ‘ਚ ਪੂਜਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ 200 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।