ਨਵੀਂ ਦਿੱਲੀ: ਗ੍ਰੀਨ ਪਟਾਕੇ ਬਣਾਉਣ ਲਈ ਕਈ ਲੋਕਾਂ ਨੇ ਸਬਜ਼ੀਆਂ ਵਿੱਚ ਬਾਜ਼ਾਰਾਂ ਵਿੱਚ ਆਮ ਵਿਕਣ ਵਾਲੇ ਬੰਬ ਹੀ ਫਿੱਟ ਕਰ ਦਿੱਤੇ। ਅਜਿਹਾ ਅਣਜਾਣੇ ਜਾਂ ਗ੍ਰੀਨ ਪਟਾਕਿਆਂ ਬਾਰੇ ਗਿਆਨ ਨਾ ਹੋਣ ਦੀ ਵਜ੍ਹਾ ਨਾਲ ਨਹੀਂ ਬਲਕਿ ਰੋਸ ਪ੍ਰਗਟ ਕਰਨ ਲਈ ਕੀਤਾ ਗਿਆ ਹੈ।

ਦਿੱਲੀ ਦੇ ਸਦਰ ਬਾਜ਼ਾਰ ਵੈੱਲਫੇਅਰ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਵੱਲੋਂ ਗ੍ਰੀਨ ਭਾਵ ਘੱਟ ਪ੍ਰਦੂਸ਼ਣ ਕਰਨ ਵਾਲੇ ਪਟਾਕਿਆਂ ਦੀ ਹੀ ਵਿਕਰੀ ਕੀਤੇ ਜਾਣ ਦੇ ਫੈਸਲੇ ਖ਼ਿਲਾਫ਼ ਅਜਿਹਾ ਮਖੌਲੀਆ ਪ੍ਰਦਰਸ਼ਨ ਕੀਤਾ ਹੈ। ਇੱਥੋਂ ਦੇ ਪਟਾਕਾ ਵਿਕਰੇਤਾਵਾਂ ਨੇ ਹਰੀਆਂ ਸਬਜ਼ੀਆਂ ਵਿੱਚ ਆਮ ਪਟਾਕੇ ਤੁੰਨ-ਤੁੰਨ ਕੇ ਭਰ ਦਿੱਤੇ ਤੇ ਉਨ੍ਹਾਂ ਨੂੰ ਵੇਚ ਕੇ ਰੋਸ ਜ਼ਾਹਰ ਕੀਤਾ।


ਵਿਖਾਵਾਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਕਿ ਗ੍ਰੀਨ ਪਟਾਕੇ ਕੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪੁਲਿਸ ਨੂੰ ਇਸ ਬਾਰੇ ਪੁੱਛਿਆ ਤਾਂ ਜਵਾਬ ਮਿਲਿਆ ਕਿ ਇਸ ਸਬੰਧੀ ਪੂਰੀ ਲਿਸਟ ਉਨ੍ਹਾਂ ਨੂੰ ਦੇ ਦਿੱਤੀ ਜਾਵੇਗੀ। ਪਰ ਉਹ ਰੋਜ਼ ਲਾਰਿਆਂ ਵਿੱਚ ਹੀ ਰਹਿ ਰਹੇ ਹਨ।

ਦੁਕਾਨਦਾਰਾਂ ਨੇ ਆਪਣਾ ਨੁਕਸਾਨ ਹੋਣ ਦੀ ਦੁਹਾਈ ਦਿੰਦਿਆਂ ਕਿਹਾ ਕਿ ਅਜਿਹੇ ਹੁਕਮ ਲਾਗੂ ਕਰ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਸੁਣਾ ਦੇਣੇ ਚਾਹੀਦੇ ਹਨ ਤਾਂ ਜੋ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।