ਵਾਪੀ: ਦੱਖਣ ਗੁਜਰਾਤ ਵਿੱਚ ਪਹਿਲੀ ਵਾਰ ਇੱਕ ਲਾੜਾ ਦੋ ਲਾੜੀਆਂ ਨਾਲ ਵਿਆਹ ਕਰਨ ਜਾ ਰਿਹਾ ਹੈ। ਇਹ ਅਨੋਖਾ ਵਿਆਹ ਪਾਲਘਰ ਵਿੱਚ 22 ਅਪਰੈਲ ਨੂੰ ਹੋਏਗਾ। ਹੈਰਾਨੀ ਦੀ ਗੱਲ ਇਹ ਹੈ ਕਿ ਵਿਆਹ ਤੋਂ ਪਹਿਲਾਂ ਹੀ ਇਨ੍ਹਾਂ ਦੇ ਤਿੰਨ ਬੱਚੇ ਹਨ। ਇੱਕ ਲਾੜੀ ਵਾਪੀ ਦੀ ਕੰਪਨੀ ਵਿੱਚ ਨੌਕਰੀ ਕਰਦੀ ਹੈ ਤੇ ਦੂਜੀ ਘਰ ਸੰਭਾਲਦੀ ਹੈ। ਵਿਆਹ ਦੇ ਕਾਰਡ 'ਤੇ ਵੀ ਦੋ ਲਾੜੀਆਂ ਦੇ ਨਾਂ ਵੇਖ ਕੇ ਲੋਕ ਹੈਰਾਨ ਹਨ।

ਲਾੜੇ ਦੀ ਗੱਲ ਕਰੀਏ ਤਾਂ ਉਸ ਦਾ ਨਾਂ ਸੰਜੇ ਧਾਗੜਾ ਹੈ। ਉਹ ਅਨਾਥ ਹੈ ਤੇ ਰਿਕਸ਼ਾ ਚਲਾਉਂਦਾ ਹੈ। 10 ਸਾਲ ਪਹਿਲਾਂ ਸੰਜੇ ਦੀ ਬੇਬੀ ਨਾਲ ਮੁਲਾਕਾਤ ਹੋਈ ਸੀ। ਦੋਵੇਂ ਇੱਕ-ਦੂਜੇ ਨਾਲ ਪਿਆਰ ਕਰਨ ਲੱਗੇ ਤੇ ਬਗੈਰ ਵਿਆਹ ਇੱਕ-ਦੂਜੇ ਨਾਲ ਰਹਿਣ ਲੱਗੇ। 2011 ਵਿੱਚ ਸੰਜੇ ਵਾਪੀ ਦੀ ਕੰਪਨੀ ਵਿੱਚ ਨੌਕਰੀ ਕਰਨ ਵਾਲੀ ਤੇ ਆਪਣੇ ਸਕੂਲ ਦੀ ਦੋਸਤ ਰੀਨਾ ਨਾਲ ਪਿਆਰ ਕਰਨ ਲੱਗਾ।

ਵਿਆਹ ਤੋਂ ਪਹਿਲਾਂ ਹੀ ਬੇਬੀ ਤੇ ਰੀਨਾ ਕੋਲੋਂ ਸੰਜੇ ਨੂੰ ਤਿੰਨ ਬੱਚੇ ਮਿਲੇ। ਬੱਚੇ ਵੱਡੇ ਹੋਣ ਲੱਗੇ ਤਾਂ ਤਿੰਨਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ। ਹੁਣ ਸੰਜੇ 22 ਅਪਰੈਲ ਨੂੰ ਪਾਲਘਰ ਦੇ ਵਾਸਾ ਸੁਤਾਰਪਾਡ ਵਿੱਚ ਬੇਬੀ ਤੇ ਰੀਨਾ ਨਾਲ ਵਿਆਹ ਕਰਵਾਏਗਾ। ਇਸ ਵਿਆਹ ਨੂੰ ਲੈ ਕੇ ਕਾਫੀ ਚਰਚੇ ਹੋ ਰਹੇ ਹਨ। ਦੋਵੇਂ ਲਾੜੀਆਂ ਇਸ ਵਿਆਹ ਤੋਂ ਖ਼ੁਸ਼ ਹਨ। ਇੱਥੇ ਇੱਕ ਪੁਰਸ਼ ਨਾਲ ਦੋ ਮਹਿਲਾਵਾਂ ਦੇ ਵਿਆਹ ਦਾ ਰਿਵਾਜ਼ ਚੱਲਦਾ ਹੈ।