ਨਵੀਂ ਦਿੱਲੀ: ਪਾਕਿਸਤਾਨੀ ਸਰਹੱਦ ਤੋਂ ਚਾਰ ਖਤਰਨਾਕ ਅੱਤਵਾਦੀ ਭਾਰਤ ‘ਚ ਲੰਘ ਆਉਣ ਦੀ ਸੂਚਨਾ ਹੈ। ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਗੁਜਰਾਤ ‘ਤੇ ਅੱਤਵਾਦੀ ਹਮਲੇ ਸਬੰਧੀ ਇਨਪੁਟ ਤੋਂ ਬਾਅਦ ਗੁਜਰਾਤ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਸੀਮਾਵਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇੱਥੇ ਹਾਈ ਅਲਰਟ ਹੈ। ਬਾਹਰ ਤੋਂ ਆ ਰਹੇ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਗੁਜਰਾਤ ਏਟੀਐਸ ਨੇ ਅਫਗਾਨੀ ਅੱਤਵਾਦੀ ਦਾ ਸਕੈਚ ਤਿਆਰ ਕਰ ਪੁਲਿਸ ਅਧਿਕਾਰੀਆਂ, ਜਾਂਚ ਏਜੰਸੀਆਂ ਤੇ ਪੁਲਿਸ ਥਾਣਿਆਂ ‘ਚ ਭੇਜ ਦਿੱਤਾ ਹੈ।

ਗੁਜਰਾਤ ਦੇ ਇੰਟੈਲੀਜੈਂਸ ਬਿਊਰੋ ਨੂੰ ਗੁਜਰਾਤ ਤੇ ਉਦੇਪੁਰ, ਸਿਰੋਹੀ ‘ਚ ਅੱਤਵਾਦੀ ਮੂਵਮੈਂਟ ਦਾ ਇਨਪੁੱਟ ਮਿਲਿਆ ਹੈ। ਇਸ ਦੇ ਆਧਾਰ ‘ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੁਜਰਾਤ ਸਰਹੱਦ ਦੇ ਰਤਨਪੁਰ ਬਾਰਡਰ ਏਰੀਆ ਨੂੰ ਸੀਲ ਕਰ ਦਿੱਤਾ ਗਿਆ ਹੈ। ਆਈਜੀ ਬਿਨੀਤਾ ਠਾਕੁਰ ਮੁਤਾਬਕ, ਗੁਜਰਾਤ ਪੁਲਿਸ ਨੇ ਅਲਰਟ ਤੋਂ ਬਾਅਦ ਬਾਰਡਰ ਖੇਤਰਾਂ ‘ਚ ਸੁਰੱਖਿਆ ਹੋਰ ਵਧਾ ਦਿੱਤੀ ਹੈ। ਉੱਥੇ ਸੀਆਰਪੀਐਫ ਤੇ ਆਰਮਡ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।


ਸਿਰੋਹੀ ਨਾਲ ਲੱਗਦੇ ਗੁਜਰਾਤ ਦੇ ਇਲਾਕਿਆਂ ‘ਚ ਸਾਰੇ ਥਾਣਿਆਂ 'ਤੇ ਸੀਓ ਨੂੰ ਵਾਹਨਾਂ ਤੇ ਹੋਟਲਾਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਸਿਰੋਹੀ ਪੁਲਿਸ ਨੂੰ ਆਦੇਸ਼ ‘ਚ ਦੱਸਿਆ ਗਿਆ ਹੈ ਕਿ ਅਫਗਾਨਿਸਤਾਨ ਦੇ ਚਾਰ ਅੱਤਵਾਦੀ ਪਾਸਪੋਰਟ ਬਣਾਕੇ ਭਾਰਤ ‘ਚ ਦਾਖਲ ਹੋਏ ਹਨ।

ਅੱਤਵਾਦੀ ਹਮਲੇ ਦੀ ਜਾਣਕਾਰੀ ਤੋਂ ਬਾਅਦ ਐਤਵਾਰ ਨੂੰ ਡੂੰਗਰਪੁਰ ਦੀ ਰਤਨਪੁਰ ਸੀਮਾ ਨੂੰ ਸੀਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਦੇਪੁਰ ‘ਚ ਵੀ ਪੁਲਿਸ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।