Amit Shah Gujarat Visit : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ (13 ਅਗਸਤ) ਨੂੰ ਗੁਜਰਾਤ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕੀਤੀ। ਉਨ੍ਹਾਂ ਕਿਹਾ, "ਪਾਕਿਸਤਾਨ ਹੀ ਨਹੀਂ,ਬਲਕਿ ਸਾਰੇ ਦੇਸ਼ ਮਿਲ ਕੇ ਭਾਰਤ 'ਤੇ ਹਮਲਾ ਕਰਨ ਤਾਂ ਵੀ ਸਫ਼ਲ ਨਹੀਂ ਹੋਣਗੇ। ਅਜਿਹੀ ਸੁਰੱਖਿਆ ਪ੍ਰਦਾਨ ਕਰਨਾ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ।" ਅਮਿਤ ਸ਼ਾਹ ਦੇ ਗੁਜਰਾਤ ਦੌਰੇ ਦਾ ਅੱਜ ਦੂਜਾ ਦਿਨ ਸੀ।

 

ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਗਾਂਧੀਨਗਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਵੱਲੋਂ 85 ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਅਮਿਤ ਸ਼ਾਹ ਨੇ ਸਾਰੇ ਲੋਕਾਂ ਨੂੰ ਘਰਾਂ 'ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ। ਪੀਐਮ ਮੋਦੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ, "ਨੌਂ ਸਾਲਾਂ ਵਿੱਚ ਨਰਿੰਦਰ ਮੋਦੀ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪੀਐਮ ਨੇ ਭਾਰਤ ਨੂੰ 11ਵੇਂ ਤੋਂ ਪੰਜਵੇਂ ਸਥਾਨ 'ਤੇ ਲਿਆਂਦਾ ਹੈ।"


 

ਹਰ ਘਰ ਵਿੱਚ ਤਿਰੰਗਾ ਲਾਉਣ ਦਾ ਦਿੱਤਾ ਸੱਦਾ  


ਇਸ ਤੋਂ ਪਹਿਲਾਂ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਅਹਿਮਦਾਬਾਦ 'ਚ ਆਯੋਜਿਤ ਤਿਰੰਗਾ ਯਾਤਰਾ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਸੀ ਕਿ ਗੁਜਰਾਤ ਦੀ ਆਬਾਦੀ 6 ਕਰੋੜ ਅਤੇ ਕਰੀਬ 1 ਕਰੋੜ ਪਰਿਵਾਰ ਹਨ। ਜੇਕਰ ਹਰ ਘਰ ਵਿੱਚ ਤਿਰੰਗਾ ਲਹਿਰਾਇਆ ਜਾਵੇ ਤਾਂ ਪੂਰਾ ਗੁਜਰਾਤ ਅਤੇ ਦੇਸ਼ ਤਿਰੰਗਾਮਈ ਹੋ ਜਾਵੇਗਾ।

 

ਅਮਿਤ ਸ਼ਾਹ ਨੇ ਹੋਰ ਕੀ ਕਿਹਾ?

ਉਨ੍ਹਾਂ ਕਿਹਾ, "ਸਾਨੂੰ ਜੋ ਆਜ਼ਾਦੀ ਮਿਲੀ, ਉਸ ਲਈ ਕਰੋੜਾਂ ਲੋਕਾਂ ਨੇ 90 ਸਾਲਾਂ ਤੱਕ ਲਗਾਤਾਰ ਲੜਾਈ ਲੜੀ ਅਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਸੰਘਰਸ਼ ਦੇ ਨਤੀਜੇ ਵਜੋਂ ਅੱਜ ਭਾਰਤ ਸਾਲਾਂ ਦੌਰਾਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਅੱਗੇ ਵਧ ਰਿਹਾ ਹੈ।"

 

ਅਮਿਤ ਸ਼ਾਹ ਨੇ ਕਿਹਾ, ''ਭਗਤ ਸਿੰਘ ਜੀ ਜਿਵੇਂ ਨਾਇਕ ਹੱਸਦੇ-ਹੱਸਦੇ ਇਨਕਲਾਬ ਦਾ ਨਾਅਰਾ ਲਾਉਂਦੇ ਹੋਏ ਫਾਂਸੀ ਦੇ ਤਖਤੇ 'ਤੇ ਚੜ੍ਹ ਗਿਆ,ਓਥੇ ਹੀ 17 ਸਾਲ ਦੇ ਖੁਦੀਰਾਮ ਬੋਸ ਜੀ ਨੇ ਫਾਂਸੀ ਦੇ ਤਖਤੇ 'ਤੇ ਚੜ੍ਹ ਕੇ ਕਿਹਾ, 'ਮੈਂ ਫਿਰ ਆਵਾਂਗਾ ਅਤੇ ਫਿਰ ਲੜਾਂਗਾ'। ਆਜ਼ਾਦੀ ਨੇ ਕੋਈ ਜਾਤ, ਕੋਈ ਧਰਮ, ਕੋਈ ਖੇਤਰ, ਕੋਈ ਉਮਰ ਨਹੀਂ ਵੇਖੀ। ਅੱਜ ਅਸੀਂ ਆਜ਼ਾਦੀ ਲਈ ਆਪਣੀ ਜਾਨ ਤਾਂ ਨਹੀਂ ਦੇ ਸਕਦੇ ਪਰ ਦੇਸ਼ ਲਈ ਜਿਊਣ ਤੋਂ ਕੋਈ ਨਹੀਂ ਰੋਕ ਸਕਦਾ ਹੈ।"