ਭਾਰਤ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ। ਕਈ ਵਾਰ ਲੋਕ ਪਲਾਨ ਬਦਲਣ ਜਾਂ ਹੋਰ ਕਾਰਨਾਂ ਕਰਕੇ ਟਿਕਟ ਰੱਦ ਕਰ ਦਿੰਦੇ ਹਨ। ਜੇਕਰ ਥੋੜੀ ਜਿਹੀ ਵੀ ਲਾਪਰਵਾਹੀ ਹੋਈ ਤਾਂ ਪੈਸੇ ਬਚਾਉਣ ਦੀ ਇਹ ਕਵਾਇਤ ਤੁਹਾਨੂੰ ਬਹੁਤ ਜ਼ਿਆਦਾ ਭਾਰੀ ਪੈ ਸਕਦੀ ਹੈ ਅਤੇ ਰਿਫੰਡ ਦੇ ਬਦਲੇ ਤੁਹਾਡੀ ਮਿਹਨਤ ਦੀ ਕਮਾਈ ਡੁੱਬ ਸਕਦੀ ਹੈ। ਅਜਿਹਾ ਹੀ ਕੁਝ ਕੇਰਲ ਦੇ ਇੱਕ ਵਿਅਕਤੀ ਨਾਲ ਹੋਇਆ ਹੈ।

 

ਇਸ ਤਰ੍ਹਾਂ ਜਾਲ 'ਚ ਫ਼ਸੇ ਬਸ਼ੀਰ
  


ਬਿਜ਼ਨਸ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ ਕੇਰਲ ਦਾ ਰਹਿਣ ਵਾਲਾ 78 ਸਾਲਾ ਐਮ ਮੁਹੰਮਦ ਬਸ਼ੀਰ ਇੱਕ ਰੇਲ ਟਿਕਟ ਰੱਦ ਕਰਨ ਦੀ ਕੋਸ਼ਿਸ਼ ਵਿੱਚ ਸਾਈਬਰ ਅਪਰਾਧੀਆਂ ਦਾ ਸ਼ਿਕਾਰ ਹੋ ਗਿਆ ਅਤੇ ਉਸਦੇ ਬੈਂਕ ਖਾਤੇ ਵਿੱਚੋਂ 4 ਲੱਖ ਰੁਪਏ ਤੋਂ ਵੱਧ ਦੀ ਰਕਮ ਕੱਢ ਲਈ ਗਈ। ਬਸ਼ੀਰ ਆਪਣੀ ਯਾਤਰਾ ਦੀ ਯੋਜਨਾ ਨੂੰ ਬਦਲਣ ਤੋਂ ਬਾਅਦ ਆਪਣੀ ਰੇਲ ਟਿਕਟ ਕੈਂਸਲ ਕਰ ਰਿਹਾ ਸੀ ਅਤੇ ਇਸ ਦੌਰਾਨ ਉਹ ਸਾਈਬਰ ਅਪਰਾਧੀਆਂ ਦੇ ਜਾਲ ਵਿੱਚ ਫਸ ਗਿਆ।

 

ਰੇਲਵੇ ਅਧਿਕਾਰੀ ਬਣ ਕੇ ਕੀਤਾ ਫੋਨ 


ਮਾਮਲੇ ਦੀ ਜਾਂਚ 'ਚ ਪਤਾ ਲੱਗਾ ਕਿ ਜਦੋਂ ਬਸ਼ੀਰ ਆਪਣੀ ਰੇਲ ਟਿਕਟ ਕੈਂਸਲ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੂੰ ਇਕ ਕਾਲ ਆਈ, ਜਿਸ 'ਚ ਸਾਹਮਣੇ ਵਾਲਾ ਵਿਅਕਤੀ ਖੁਦ ਨੂੰ ਰੇਲਵੇ ਦਾ ਅਧਿਕਾਰੀ ਦੱਸ ਰਿਹਾ ਸੀ। ਉਹ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਵਿੱਚ ਬੋਲ ਰਿਹਾ ਸੀ। ਇਸ ਕਾਰਨ ਬਸ਼ੀਰ ਨੂੰ ਲੱਗਾ ਕਿ ਸਾਹਮਣੇ ਵਾਲਾ ਵਿਅਕਤੀ ਸੱਚਮੁੱਚ ਹੀ ਕੋਈ ਰੇਲਵੇ ਅਫ਼ਸਰ ਹੈ। ਬਸ਼ੀਰ ਨੂੰ ਝਾਂਸੇ 'ਚ ਲੈਣ ਲਈ ਸਾਹਮਣੇ ਵਾਲੇ ਵਿਅਕਤੀ ਨੇ ਉਸ ਨੂੰ ਐਪ ਡਾਊਨਲੋਡ ਕਰਨ ਲਈ ਕਿਹਾ।

 

ਇਸ ਐਪ ਨਾਲ ਸਾਈਬਰ ਧੋਖਾਧੜੀ

 

ਬਸ਼ੀਰ ਨੇ ਬਹੁਤਾ ਦਿਮਾਗ ਨਾ ਲਾਇਆ ਅਤੇ ਉਸ ਦੇ ਦੱਸੇ ਅਨੁਸਾਰ ਐਪ ਡਾਊਨਲੋਡ ਕਰ ਲਈ। ਜਾਂਚ ਦੇ ਅਨੁਸਾਰ ਬਸ਼ੀਰ ਨੇ ਰੈਸਟ ਡੈਸਕ ਨਾਮ ਦੀ ਇੱਕ ਐਪ ਡਾਉਨਲੋਡ ਕੀਤੀ ਸੀ, ਜਿਸ ਨਾਲ ਉਸਦੇ ਮੋਬਾਈਲ ਫੋਨ ਦਾ ਪੂਰਾ ਐਕਸੈਸ 

ਸਾਈਬਰ ਅਪਰਾਧੀਆਂ ਕੋਲ ਚਲਾ ਗਿਆ। ਬੱਸ ਫਿਰ ਕੀ ਸੀ... ਬਸ਼ੀਰ ਦੀ ਰੇਲ ਟਿਕਟ ਕੈਂਸਲ ਨਹੀਂ ਹੋਈ ਪਰ ਉਸਦੇ ਬੈਂਕ ਖਾਤੇ 'ਚੋਂ 4 ਲੱਖ ਰੁਪਏ ਤੋਂ ਵੱਧ ਕਢਵਾ ਲਏ ਗਏ।

ਬੰਗਾਲ-ਬਿਹਾਰ ਦੇ ਅਪਰਾਧੀਆਂ 'ਤੇ ਸ਼ੱਕ


ਅਧਿਕਾਰੀਆਂ ਮੁਤਾਬਕ ਸਾਈਬਰ ਅਪਰਾਧੀਆਂ ਨੇ ਚਾਰ ਵਾਰ ਬਸ਼ੀਰ ਦੇ ਖਾਤੇ ਤੋਂ ਪੈਸੇ ਕਢਵਾਏ। ਕੋਲਕਾਤਾ ਵਿੱਚ ਉਸਦੇ ਖਾਤੇ ਵਿੱਚੋਂ ਕੁੱਲ 4,05,919 ਰੁਪਏ ਕਢਵਾਏ ਗਏ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਪੱਛਮੀ ਬੰਗਾਲ ਅਤੇ ਬਿਹਾਰ ਦੇ ਸਾਈਬਰ ਅਪਰਾਧੀਆਂ ਦਾ ਕੰਮ ਹੈ।

ਆਪਣੇ ਆਪ ਨੂੰ ਇਸ ਤਰ੍ਹਾਂ ਬਚਾਓ


ਤੁਸੀਂ ਵੀ ਇਸ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਬਚਣ ਲਈ ਤੁਹਾਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ। ਰੇਲ ਟਿਕਟਾਂ ਨੂੰ ਬੁੱਕ ਕਰਨ ਜਾਂ ਰੱਦ ਕਰਨ ਲਈ ਕਦੇ ਵੀ ਅਣਅਧਿਕਾਰਤ ਵੈੱਬਸਾਈਟਾਂ ਜਾਂ ਐਪਸ ਦੀ ਵਰਤੋਂ ਨਾ ਕਰੋ। ਸਾਈਬਰ ਅਪਰਾਧੀ ਆਈਆਰਸੀਟੀਸੀ ਪੋਰਟਲ ਵਰਗਾ ਇੱਕ ਪੋਰਟਲ ਬਣਾਉਂਦੇ ਹਨ, ਜੋ ਕਿ ਦਿੱਖ ਵਿੱਚ ਅਸਲ ਵਿੱਚ ਲਗਭਗ ਇੱਕੋ ਜਿਹਾ ਹੁੰਦਾ ਹੈ। ਇਸ ਕਾਰਨ ਕਰਕੇ ਵੈੱਬਸਾਈਟ ਨੂੰ ਧਿਆਨ ਨਾਲ ਖੋਲ੍ਹੋ ਅਤੇ ਪਹਿਲਾਂ URL ਦੀ ਜਾਂਚ ਕਰੋ। ਇੱਕ ਗੱਲ ਹੋਰ ਧਿਆਨ ਵਿੱਚ ਰੱਖੋ ਕਿ ਯਾਤਰੀਆਂ ਨੂੰ ਰੇਲਵੇ ਜਾਂ IRCTC ਦੁਆਰਾ ਟਿਕਟ ਬੁਕਿੰਗ ਜਾਂ ਰੱਦ ਕਰਨ ਲਈ ਫੋਨ ਨਹੀਂ ਕੀਤਾ ਜਾਂਦਾ।