ਚੰਡੀਗੜ੍ਹ: ਗੁਜਰਾਤ ਵਿੱਚ ਥਾਣੇ 'ਚ ਟਿਕਟੌਕ ਵੀਡੀਓ ਬਣਾਉਣ ਲਈ ਮਹਿਲਾ ਪੁਲਿਸ ਮੁਲਾਜ਼ਮ ਅਲਪਿਤਾ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਮਹਿਸਾਣਾ ਦੇ ਲੰਗਨਾਜ ਪੁਲਿਸ ਸਟੇਸ਼ਨ ਵਿੱਚ ਲੋਕ ਰਕਸ਼ਕ ਦਲ (LRD) ਵਿੱਚ ਤਾਇਨਾਤ ਅਲਪਿਤਾ ਚੌਧਰੀ ਨਾਂ ਦੀ ਮਹਿਲਾ ਪੁਲਿਸ ਮੁਲਾਜ਼ਮ ਨੇ ਲਾਕਅੱਪ ਦੇ ਸਾਹਮਣੇ ਡਾਂਸ ਕਰਦਿਆਂ ਵੀਡੀਓ ਕਲਿੱਪ ਬਣਾਈ ਜੋ ਇੰਨੀ ਵਾਇਰਲ ਹੋਈ ਕਿ ਫੇਸਬੁੱਕ, ਵ੍ਹੱਟਸਐਪ, ਟਵਿੱਟਰ ਹਰ ਥਾਂ ਇਸ ਨੂੰ ਵੇਖਿਆ ਗਿਆ।

ਮੁਅੱਤਲ ਕੀਤੀ ਇਹ ਪੁਲਿਸ ਕਰਮੀ ਟਿਕਟੌਕ ਸਟਾਰ ਬਣ ਗਈ ਹੈ। ਕੱਲ੍ਹ ਤਕ ਉਸ ਦੇ 14 ਹਜ਼ਾਰ ਫੈਨਜ਼ ਸੀ, ਜਦਕਿ ਅੱਜ ਉਸ ਦੇ 35 ਹਜ਼ਾਰ ਤੋਂ ਜ਼ਿਆਦਾ ਫੈਨਜ਼ ਹੋ ਚੁੱਕੇ ਹਨ। ਵਾਇਰਲ ਵੀਡੀਓ ਵਿੱਚ ਅਲਪਿਤਾ ਚੌਧਰੀ ਸਲਮਾਨ ਖ਼ਾਨ ਦੀ ਫ਼ਿਲਮ 'ਕਿੱਕ' ਫ਼ਿਲਮ ਤੋਂ ਗੀਤ 'ਤੂ ਹੀ ਤੂ' 'ਤੇ ਡਾਂਸ ਕਰਦੀ ਦਿੱਸ ਰਹੀ ਹੈ। ਇਸ ਵੀਡੀਓ ਨੂੰ ਅਲਪਿਤਾ ਨੇ ਹਟਾ ਦਿੱਤਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਵੀਡੀਓ ਕਾਫੀ ਵਾਇਰਲ ਹੋ ਗਈ ਸੀ।


ਅਲਪਿਤਾ ਚੌਧਰੀ ਆਪਣੇ ਟਿਕਟੌਕ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮੁਅੱਤਲ ਹੋਣ ਤੋਂ ਬਾਅਦ ਉਸ ਨੇ ਇੱਕ ਹੋਰ ਵੀਡੀਓ ਅਪਲੋਡ ਕੀਤੀ ਹੈ। ਇਸ ਵਿੱਚ ਉਹ ਕਹਿੰਦੀ ਦਿੱਸ ਰਹੀ ਹੈ, 'ਅਰੇ ਹਮਸੇ ਜਲਨੇ ਵਾਲੋਂ...ਤੁਮ ਭੀ ਕਿਆ ਕਮਾਲ ਕਰਤੇ ਹੋ. ਮਹਿਫਿਲ ਤੁਮਹਾਰੀ, ਦੋਸਤ ਤੁਮਹਾਰੇ ਔਰ ਚਰਚੇ ਹਮਾਰੇ ਨਾਮ ਕਰਤੇ ਹੋ...'