Gujrat Assembly Elections : ਗੁਜਰਾਤ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਵੀ ਅੱਜ ਤੋਂ ਚੋਣ ਪ੍ਰਚਾਰ ਲਈ ਸੂਬੇ ਵਿੱਚ ਪਹੁੰਚਣਗੇ। ਪ੍ਰਧਾਨ ਮੰਤਰੀ ਗੁਜਰਾਤ ਚੋਣਾਂ ਨੂੰ ਲੈ ਕੇ ਰਾਜ ਭਰ ਵਿੱਚ ਕੁੱਲ 25 ਰੈਲੀਆਂ ਕਰਨਗੇ। ਪ੍ਰਧਾਨ ਮੰਤਰੀ ਦੀਆਂ ਰੈਲੀਆਂ ਦੀ ਵੱਡੇ ਪੱਧਰ 'ਤੇ ਯੋਜਨਾ ਬਣਾਈ ਗਈ ਹੈ, ਜਿਸ ਦੀਆਂ ਤਿਆਰੀਆਂ ਲਗਾਤਾਰ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ 20 ਨਵੰਬਰ ਨੂੰ ਸੌਰਾਸ਼ਟਰ ਦੌਰੇ 'ਤੇ ਜਾਣਗੇ ਜਿੱਥੇ ਉਹ ਵੇਰਾਵਲ, ਧੋਰਾਜੀ, ਅਮਰੇਲੀ ਅਤੇ ਬੋਟਾਦ ਜਾਣਗੇ। ਪ੍ਰਧਾਨ ਮੰਤਰੀ ਇਨ੍ਹਾਂ ਥਾਵਾਂ 'ਤੇ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ।



ਬੀਜੇਪੀ ਵਿਸ਼ੇਸ਼ ਤਿਆਰੀ ਵਿੱਚ ਜੁਟੀ 


 

ਪੀਐਮ ਮੋਦੀ ਦੇ ਅੱਜ ਸਵਾਗਤ ਲਈ ਵਲਸਾਡ ਜ਼ਿਲ੍ਹੇ ਦੇ ਭਾਜਪਾ ਵਰਕਰਾਂ ਅਤੇ ਸੰਗਠਨਾਂ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਵਲਸਾਡ ਦੀ ਪਾਰਦੀ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕਨੂੰ ਦੇਸਾਈ ਨੇ ਅੱਜ ਹੋਣ ਵਾਲੇ ਰੋਡ ਸ਼ੋਅ ਦੇ ਰੂਟ ਦਾ ਮੁਆਇਨਾ ਕੀਤਾ। ਇਸ ਦੇ ਨਾਲ ਹੀ ਪੀਐਮ ਮੋਦੀ ਦੇ ਰੋਡ ਸ਼ੋਅ ਨੂੰ ਲੈ ਕੇ ਸੁਰੱਖਿਆ ਵਿਵਸਥਾ 'ਤੇ ਵੀ ਖਾਸ ਧਿਆਨ ਰੱਖਿਆ ਗਿਆ ਹੈ। ਪੀਐਮ ਮੋਦੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ 9 ਐਸਪੀ, 17 ਡੀਐਸਪੀ, 40 ਪੀਆਈ, 90 ਪੀਐਸਆਈ ਸਮੇਤ 15000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ।

 



 


40 ਸਟਾਰ ਪ੍ਰਚਾਰਕਾਂ ਦੇ ਨਾਂ...

ਗੁਜਰਾਤ ਚੋਣਾਂ ਨੂੰ ਲੈ ਕੇ ਭਾਜਪਾ ਆਪਣੀ ਚੋਣ ਮੁਹਿੰਮ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ। ਪੀਐਮ ਮੋਦੀ ਤੋਂ ਇਲਾਵਾ ਪਾਰਟੀ ਨੇ 40 ਸਟਾਰ ਪ੍ਰਚਾਰਕਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਜੇਪੀ ਨੱਡਾ ਤੋਂ ਲੈ ਕੇ ਅਮਿਤ ਸ਼ਾਹ, ਨਿਤਿਨ ਗਡਕਰੀ, ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ, ਭੂਪੇਂਦਰ ਪਟੇਲ, ਮਨੋਜ ਤਿਵਾਰੀ ਵਰਗੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਗੁਜਰਾਤ ਦੇ ਸਥਾਨਕ ਨੇਤਾ ਅਤੇ ਮੰਤਰੀ ਵੀ ਚੋਣ ਪ੍ਰਚਾਰ 'ਚ ਅਹਿਮ ਭੂਮਿਕਾ ਨਿਭਾਉਣਗੇ। ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਚੋਣ ਪ੍ਰਚਾਰ ਲਈ ਗੁਜਰਾਤ 'ਚ ਰੈਲੀਆਂ ਲਈ ਪਹੁੰਚ ਸਕਦੇ ਹਨ।