ਗੁਰਦਾਸਪੁਰ: 3 ਜਨਵਰੀ ਨੂੰ ਗੁਰਦਾਸਪੁਰ ਵਿੱਚ ਹੋਣ ਵਾਲੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਲਈ 1,75 ਲੱਖ ਵਰਗ ਫੁੱਟ ਦਾ ਪੰਡਾਲ ਤਿਆਰ ਕੀਤਾ ਗਿਆ ਹੈ। ਪੰਡਾਲ ਵਿੱਚ ਲੋਕਾਂ ਦੇ ਬੈਠਣ ਲਈ 25 ਹਜ਼ਾਰ ਕੁਰਸੀਆਂ ਲਾਈਆਂ ਗਈਆਂ ਹਨ। ਰੈਲੀ ਨੂੰ ਲੈ ਕੇ ਪੁਲਿਸ ਨੇ ਥ੍ਰੀਲੇਅਰ ਸਕਿਉਰਟੀ ਦਾ ਪ੍ਰਬੰਧ ਕੀਤਾ ਹੈ। ਸ਼ਹਿਰ ਦੇ 10 ਕਿਲੋਮੀਟਰ ਤਕ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਸੁਰੱਖਿਆ ਸਬੰਧੀ ਪੰਜਾਬ ਆਰਮਡ ਪੁਲਿਸ ਦੇ 3500 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਅਕਾਲੀ-ਭਾਜਪਾ ਲੀਡਰ ਪੂਰੇ ਪੰਜਾਬ ਵਿੱਚ ਬੈਠਕਾਂ ਕਰ ਰਹੇ ਹਨ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੈਲੀ ਵਿੱਚ ਇਕੱਠੇ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪੀਐਮ ਮੋਦੀ ਨੂੰ ਸੁਣਨ ਲਈ ਪੰਜਾਬ ਭਰ ਤੋਂ ਲੋਕ ਗੁਰਦਾਸਪੁਰ ਪੁੱਜ ਰਹੇ ਹਨ। ਇਸ ਲਈ ਬੀਜੇਪੀ ਲੀਡਰਾਂ ਨੇ 45 ਹਜ਼ਾਰ ਤੋਂ ਵੱਧ ਲੋਕਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਹੈ।
ਰੈਲੀ ਵਿੱਚ ਪੀਐਮ ਕਦੋਂ ਪਹੁੰਚਣਗੇ, ਇਸ ਬਾਰੇ ਕਿਸੇ ਨੂੰ ਹਾਲੇ ਕੁਝ ਨਹੀਂ ਪਤਾ। ਸਮੇਂ ਨੂੰ ਲੈ ਕੇ ਖੁਫੀਆ ਵਿਭਾਗ ਵੀ ਕਿਆਸ ਹੀ ਲਾ ਰਿਹਾ ਹੈ। ਸੂਤਰਾਂ ਮੁਤਾਬਕ ਪੀਐਮ ਸਵੇਰੇ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣਗੇ ਤੇ ਉੱਥੋਂ ਲਵਲੀ ਯੂਨੀਵਰਸਿਟੀ ਜਾਣਗੇ। ਉਸ ਤੋਂ ਬਾਅਦ ਉਹ ਗੁਰਦਾਸਪੁਰ ਰੈਲੀ ਲਈ ਜਾਣਗੇ। ਪਰ ਬੀਜੇਪੀ ਲੀਡਰਾਂ ਨੇ ਕਿਹਾ ਹੈ ਕਿ ਪੀਐਮ ਸਾਢੇ 10 ਵਜੇ ਰੈਲੀ ਵਿੱਚ ਪਹੁੰਚ ਜਾਣਗੇ।