ਵਿਜੈ ਮਾਲਿਆ ਤੇ ਨੀਰਵ ਮੋਦੀ ਬਾਰੇ ਕੀ ਬੋਲੇ ਪੀਐਮ ਮੋਦੀ
ਏਬੀਪੀ ਸਾਂਝਾ | 01 Jan 2019 06:56 PM (IST)
ਚੰਡੀਗੜ੍ਹ: ਪੀਐਮ ਮੋਦੀ ਨਵੇਂ ਵਰ੍ਹੇ ਦੀ ਆਮਦ ’ਤੇ ਖ਼ਬਰ ਏਜੰਸੀ ਏਐਨਆਈ ਨੂੰ ਇੰਟਰਵਿਊ ਦੇ ਰਹੇ ਹਨ। ਇਸ ਮੌਕੇ ਵਿਜੈ ਮਾਲਿਆ ਤੇ ਨੀਰਵ ਮੋਦੀ ਬਾਰੇ ਬੋਲਦਿਆਂ ਪੀਐਮ ਨੇ ਕਿਹਾ ਕਿ ਉਹ ਇਨ੍ਹਾਂ ਭਗੌੜਿਆਂ ਕੋਲੋਂ ਪਾਈ-ਪਾਈ ਲੈ ਕੇ ਰਹਿਣਗੇ। ਸਰਕਾਰ ਨੇ ਭਗੌੜਿਆਂ ਦੀ ਜਾਇਦਾਦ ਜ਼ਬਤ ਕਰਨ ਦਾ ਕਾਨੂੰਨ ਬਣਾਇਆ ਹੈ। ਉਨ੍ਹਾਂ ਨੂੰ ਦੇਸ਼ ਤੋਂ ਇਸ ਲਈ ਭੱਜਣਾ ਪਿਆ ਕਿਉਂਕਿ ਪਹਿਲਾਂ ਵਾਂਗ ਉਹ ਕਾਨੂੰਨ ਦਾ ਮਖੌਲ ਉਡਾ ਕੇ ਦੇਸ਼ ਵਿੱਚ ਸੁਰੱਖਿਅਤ ਨਹੀਂ ਰਹਿ ਸਕਦੇ ਸੀ। ਪੀਐਮ ਮੋਦੀ ਨੇ ਕਿਹਾ ਕਿ ਨੋਟਬੰਦੀ ਲੋਕਾਂ ਲਈ ਝਟਕਾ ਨਹੀਂ ਸੀ। ਲੋਕਾਂ ਨੂੰ ਪਹਿਲਾਂ ਤੋਂ ਹੀ ਇਸ ਬਾਰੇ ਚੇਤਾਵਨੀ ਦੇ ਦਿੱਤੀ ਗਈ ਸੀ। ਕਾਲ਼ੇ ਧਨ ’ਤੇ ਵੀ ਇੱਕ ਸਾਲ ਪਹਿਲਾਂ ਹੀ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਹ ਕਦਮ ਚੁੱਕਣ ਲੋਕਾਂ ਦਾ ਹੀ ਭਲਾ ਸੀ। ਇਸ ਤੋਂ ਇਲਾਵਾ ਪੀਐਮ ਨੇ ਪਾਕਿਸਤਾਨ ਸਬੰਧੀ ਕਿਹਾ ਕਿ ਪਾਕਿਸਤਾਨ ਇੱਕ ਲੜਾਈ ਨਾਲ ਨਹੀਂ ਸੁਧਰੇਗਾ। ਉਸ ਨੂੰ ਸੁਧਾਰਨ ਵਿੱਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ ’ਤੇ ਕੀਤਾ ਫੈਸਲਾ ਜ਼ੋਖ਼ਮ ਭਰਿਆ ਸੀ। ਜਵਾਨਾਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਚਿੰਤਾ ਸੀ ਤੇ ਹਮੇਸ਼ਾ ਰਹੇਗੀ।