ਚੰਡੀਗੜ੍ਹ: ਹਰਿਆਣਾ ਦੇ ਫ਼ਤਿਹਾਬਾਦ ਵਿੱਚ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਸਥਾਨਕ ਲੋਕਾਂ ਨੇ 50 ਸਾਲਾਂ ਬਾਅਦ ਸਲਾਮੀ ਦਿੱਤੀ ਸੀ। ਇਹ ਤਰਕ ਹੈ ਜ਼ਿਲ੍ਹੇ ਦੇ ਕਸਬੇ ਭੂਨਾ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕ ਗੁਰਭੇਜ ਸਿੰਘ ਦਾ ਜਿੱਥੇ ਤਕਰੀਬਨ 7-8 ਲੋਕਾਂ ਨੇ ਬੰਦੂਕਾਂ ਤੇ ਪਿਸਤੌਲਾਂ ਨਾਲ ਸਲਾਮੀ ਦਿੱਤੀ।


ਗੁਰਭੇਜ ਸਿੰਘ ਨੇ ਦੱਸਿਆ ਕਿ 50 ਸਾਲ ਬਾਅਦ ਅਜਿਹਾ ਮੌਕਾ ਆਇਆ ਸੀ ਜਿਸ 'ਤੇ ਕੁਝ ਫ਼ੌਜੀਆਂ ਨੇ ਸਲਾਮੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਮੌਕੇ ਕਿਸੇ ਦਾ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਨੇ ਰੰਜਿਸ਼ਨ ਇਹ ਫਾਇਰ ਕੀਤੇ ਹਨ। ਪ੍ਰਬੰਧਕ ਨੇ ਦੱਸਿਆ ਕਿ ਇਹ ਸਿਰਫ ਹਵਾਈ ਫਾਇਰ ਸਨ।

ਉੱਧਰ, ਇਸ ਮਾਮਲੇ 'ਤੇ ਫ਼ਤਿਹਾਬਾਦ ਦੇ ਡੀਐਸਪੀ ਜਗਦੀਸ਼ ਕਾਜਲਾ ਨੇ ਦੱਸਿਆ ਕਿ ਉਨ੍ਹਾਂ ਵੀ ਇਹ ਵੀਡੀਓ ਦੇਖੀ ਹੈ ਤੇ ਉਹ ਹੁਣ ਜਾਂਚ ਕਰਨਗੇ। ਪੁਲਿਸ ਪੜਤਾਲ ਕਰੇਗੀ ਕਿ ਉਕਤ ਵਿਅਕਤੀਆਂ ਨੇ ਅਜਿਹਾ ਕਿਉਂ ਕੀਤਾ। ਹਾਲਾਂਕਿ ਡੀਐਸਪੀ ਨੇ ਕਿਹਾ ਕਿ ਖ਼ੁਸ਼ੀ ਵਿੱਚ ਆ ਕੇ ਹਵਾਈ ਫਾਇਰ ਕਰਨ 'ਤੇ ਰੋਕ ਹੈ।

ਜ਼ਿਕਰਯੋਗ ਹੈ ਕਿ ਤਿੰਨ ਦਿਨ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਅਰਦਾਸ ਹੋਣ ਉਪਰੰਤ ਜੈਕਾਰਾ ਬੁਲਾਏ ਜਾਣ ਮਗਰੋਂ ਤਕਰੀਬਨ ਦਰਜਨ ਵਿਅਕਤੀਆਂ ਨੇ ਬੰਦੂਕਾਂ ਉਤਾਂਹ ਵੱਲ ਤਾਣ ਲਈਆਂ।

ਪਿਸਤੌਲਾਂ ਤੇ ਵੱਖ-ਵੱਖ ਬੰਦੂਕਾਂ ਨਾਲ ਲੈਸ ਸ਼ਰਧਾਲੂਆਂ ਨੇ ਠਾਹ-ਠਾਹ ਕਈ ਫਾਇਰ ਕੀਤੇ। ਇਹ ਸਭ ਉਦੋਂ ਹੋ ਰਿਹਾ ਸੀ ਜਦੋਂ ਗੁਰੂ ਘਰ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਸਲਾਮੀ ਦੇਣ ਵਾਲਿਆਂ ਪਿੱਛੇ ਸੰਗਤ ਹੱਥ ਜੋੜ ਖੜ੍ਹੀ ਹੈ।

ਦੇਖੋ ਫਾਇਰਿੰਗ ਵੇਲੇ ਦੀ ਵੀਡੀਓ: