ਚੰਡੀਗੜ੍ਹ: ਦਿੱਲੀ ਤੋਂ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਤਬਕੇ ਨੂੰ ਹਾਲੀਆ ਰਿਲੀਜ਼ ਫ਼ਿਲਮ ‘ਦ ਐਕਸਡੈਂਟਲ ਪ੍ਰਾਈਮ ਮਿਨਿਸਟਰ’ ਨਾ ਵੇਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਕਿ ਡਾ. ਮਨਮੋਹਨ ਸਿੰਘ ਅੱਜ ਵੀ ਦੇਸ਼ ਦੇ ਇੱਜ਼ਤਦਾਰ ਲੀਡਰ ਹਨ।

ਆਪਣੇ ਟਵੀਟ ਵਿੱਚ ਸਿਰਸਾ ਨੇ ਕਿਹਾ ਕਿ ਉਹ ਇਸ ਫਿਲਮ ਦਾ ਸਮਰਥਨ ਨਹੀਂ ਕਰਦੇ ਜਿਸ ਵਿੱਚ ਪਗੜੀਧਾਰੀ ਸ਼ਖ਼ਸ ਦੀ ਸੱਚਾਈ ਦਾ ਮਜ਼ਾਕ ਉਡਾਇਆ ਜਾਂਦਾ ਹੈ। ਗਾਂਧੀ ਪਰਿਵਾਰ ਦੀ ਵਜ੍ਹਾ ਕਰਕੇ ਕਿਸੇ ਲੀਡਰ ਦਾ ਅਪਮਾਨ ਕਿਉਂ? ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਜਿਸ ਨੇ ਭਾਰਤ ਦਾ ਮਾਣ ਵਧਾਇਆ, ਉਸ ਸਿੱਖ ਦਾ ਮਜ਼ਾਕ ਉਡਾ ਰਹੀ ਫਿਲਮ ਨਾ ਵੇਖਣ।



ਇਸ ਫਿਲਮ ਵਿੱਚ ਅਨੁਪਮ ਖੇਰ ਨੇ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਦੇ 2004 ਤੋਂ 2008 ਦੇ ਦਰਮਿਆਨ ਰਹੇ ਮੀਡੀਆ ਸਲਾਹਕਾਰ ਸੰਜੈ ਬਾਰੂ ਦੀ ਕਿਤਾਬ ’ਤੇ ਆਧਾਰਤ ਹੈ। ਫਿਲਮ ਵਿੱਚ ਅਕਸ਼ੈ ਖੰਨਾ ਨੇ ਸੰਜੈ ਬਾਰੂ ਦਾ ਕਿਰਦਾਰ ਨਿਭਾਇਆ ਹੈ। ਫਿਲਮ ਕੱਲ੍ਹ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਹੈ ਪਰ ਇਸ ਨੂੰ ਪ੍ਰੋਪੇਗੰਡਾ ਦੱਸ ਕੇ ਖਾਰਜ ਕੀਤਾ ਜਾ ਰਿਹਾ ਹੈ।