ਰਾਮ ਰਹੀਮ ਦੇ ਇਸ ਰਵੱਈਏ ਨੂੰ ਜੇਲ੍ਹ ਪ੍ਰਸ਼ਾਸਨ ਦੀ ਸਖ਼ਤੀ ਕਿਹਾ ਜਾਏ ਜਾਂ ਚੰਗਾ ਆਚਰਨ ਦਿਖਾ ਕੇ ਪੈਰੋਲ 'ਤੇ ਬਾਹਰ ਨਿਕਲਣ ਦੀ ਰਣਨੀਤੀ, ਪਰ ਰਾਮ ਰਹੀਮ ਦਾ ਇਹ ਅੰਦਾਜ਼ ਜੇਲ੍ਹ ਵਿੱਚ ਮੌਜੂਦ ਹਰ ਸ਼ਖ਼ਸ 'ਤੇ ਅਸਰ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਡੇਢ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਗੁਰਮੀਤ ਰਾਮ ਰਹੀਮ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਵੀ ਸ਼ਿਕਾਇਤ ਨਹੀਂ ਮਿਲੀ।
ਸਾਧਵੀ ਦੇ ਬਲਾਤਕਾਰ ਤੇ ਪੱਤਰਕਾਰ ਕਤਲ ਕਾਂਡ ਵਿੱਚ ਸਜ਼ਾ ਜ਼ਾਫਤਾ ਰਾਮ ਰਹੀਮ ਨੂੰ ਜੇਲ੍ਹ ਵਿੱਚ ਵੱਖਰਾ ਰੱਖਿਆ ਗਿਆ ਹੈ। ਉਸ ਦਾ ਹੋਰ ਕੈਦੀਆਂ ਨਾਲ ਮਿਲਣਾ-ਜੁਲਣਾ ਨਹੀਂ ਹੁੰਦਾ। ਜਦੋਂ ਕੈਦੀ ਤੇ ਬੰਦੀ ਬੈਰਕਾਂ ਵਿੱਚ ਹੁੰਦੇ ਹਨ, ਉਦੋਂ ਹੀ ਰਾਮ ਰਹੀਮ ਨੂੰ ਸੈੱਲ ਤੋਂ ਬਾਹਰ ਕੱਢਿਆ ਜਾਂਦਾ ਹੈ, ਪਰ ਡਿਊਟੀ 'ਤੇ ਤਾਇਨਾਤ ਨੰਬਰਦਾਰ, ਸਫਾਈ ਕਰਮਚਾਰੀ ਤੇ ਸੁਰੱਖਿਆ ਗਾਰਡ ਨਾਲ ਆਉਂਦੇ-ਜਾਂਦੇ ਉਹ ਸਲਾਮ ਜ਼ਰੂਰ ਕਰਦਾ ਹੈ।
ਜੇਲ੍ਹ ਪ੍ਰਸ਼ਾਸਨ ਮੁਤਾਬਕ ਜੋ ਵੀ ਗੁਰਮੀਤ ਰਾਮ ਰਹੀਮ ਦੇ ਸਾਹਮਣੇ ਆਉਂਦਾ ਹੈ, ਉਹ ਖ਼ੁਦ ਉਨ੍ਹਾਂ ਨੂੰ ਦੁਆ-ਸਲਾਮ ਕਰਦਾ ਹੈ। ਜੇਲ੍ਹ ਵਿੱਚ ਪਰਿਵਾਰ ਜਾਂ ਵਕੀਲ ਨਾਲ ਮਿਲਣ ਲਈ ਜਦੋਂ ਉਸ ਨੂੰ ਮੁਲਾਕਾਤ ਵਾਲੇ ਕਮਰੇ ਵਿੱਚ ਲਿਆਂਦਾ ਜਾਂਦਾ ਹੈ ਤਾਂ ਉਹ ਡਿਊਟੀ ਦੇ ਰਹੇ ਸਾਰੇ ਜੇਲ੍ਹ ਮੁਲਾਜ਼ਮਾਂ ਨੂੰ ਸਲਾਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਮੌਜੂਦ ਹਰ ਸ਼ਖ਼ਸ ਉਸ ਦੇ ਇਸ ਰੂਪ ਦਾ ਕਾਇਲ ਹੋ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਰਾਮ ਰਹੀਮ ਨੂੰ ਜੇਲ੍ਹ ਵਿੱਚ ਬਾਗਬਾਨੀ ਦਾ ਕੰਮ ਮਿਲਿਆ ਹੋਇਆ ਹੈ। ਮੌਜੂਦਾ ਉਸ ਨੇ ਜੇਲ੍ਹ ਵਿੱਚ ਖੀਰੇ, ਘੀਆ ਤੇ ਟਮਾਟਰ ਉਗਾਏ ਹੋਏ ਹਨ। ਇਸ ਤੋਂ ਪਹਿਲਾਂ ਉਸ ਨੇ ਆਲੂ ਵੀ ਉਗਾਏ ਸੀ। ਪਿਛਲੇ ਮਹੀਨੇ ਗੁਰਮੀਤ ਰਾਮ ਰਹੀਮ ਨੇ ਡੇਢ ਕਵਿੰਟਲ ਆਲੂ ਦੀ ਪੈਦਾਵਾਰ ਕੀਤੀ ਸੀ। ਹੁਣ ਉਹ ਮੌਸਮੀ ਸਬਜ਼ੀ ਉਗਾ ਰਿਹਾ ਹੈ। ਜਦੋਂ ਵੀ ਉਸ ਨੂੰ ਮੌਕਾ ਮਿਲਦਾ ਹੈ, ਉਹ ਫਸਲ ਦੀ ਸਿੰਜਾਈ, ਨਿਰਾਈ ਤੇ ਉਸ ਨੂੰ ਤੋੜਨ ਦਾ ਕੰਮ ਕਰਦਾ ਹੈ। ਯਾਦ ਰਹੇ ਪਿਛਲੇ ਦਿਨੀਂ ਉਸ ਨੇ ਖੇਤੀ ਕਰਨ ਲਈ ਹੀ ਪੈਰੋਲ ਮੰਗੀ ਸੀ ਪਰ ਫਿਰ ਵਾਪਸ ਲੈ ਲਈ ਸੀ।