Haryana Lok Sabha Elections: ਹਰਿਆਣਾ 'ਚ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਸਿੰਘ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਹੀ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਖਤਮ ਹੁੰਦੇ ਹੀ ਡੇਰੇ ਨੇ 15 ਮੈਂਬਰੀ ਕਮੇਟੀ ਦੀ ਡਿਊਟੀ ਲਗਾ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚ ਹਨ। ਉਹ ਜਨਵਰੀ 2024 'ਚ 50 ਦਿਨਾਂ ਦੀ ਪੈਰੋਲ 'ਤੇ ਬਾਹਰ ਆਇਆ ਸੀ।


ਦੱਸ ਦੇਈਏ ਕਿ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ 'ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਹੋਣ ਵਾਲੀ ਹੈ। ਭਾਜਪਾ ਨੇ ਬਿਨਾਂ ਕਿਸੇ ਗਠਜੋੜ ਦੇ ਸਾਰੀਆਂ 10 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਇੰਡੀਆ ਅਲਾਇੰਸ ਦੇ ਤਹਿਤ ਹਰਿਆਣਾ ਦੀ ਇੱਕ ਸੀਟ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ 9 ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰ ਮੈਦਾਨ 'ਚ ਹਨ। 'ਆਪ' ਦੇ ਸੁਸ਼ੀਲ ਗੁਪਤਾ ਹਰਿਆਣਾ ਦੇ ਕੁਰੂਕਸ਼ੇਤਰ 'ਚ ਸਿਰਫ ਇੱਕ ਸੀਟ 'ਤੇ ਭਾਜਪਾ ਦੇ ਨਵੀਨ ਜਿੰਦਲ ਖਿਲਾਫ ਚੋਣ ਲੜ ਰਹੇ ਹਨ। ਬਾਕੀ ਸਾਰੀਆਂ ਸੀਟਾਂ 'ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਆਹਮੋ-ਸਾਹਮਣੇ ਦਾ ਮੁਕਾਬਲਾ ਹੈ। 


ਹਰਿਆਣਾ ਵਿੱਚ 25 ਮਈ ਨੂੰ ਪੈਣਗੀਆਂ ਵੋਟਾਂ


ਦੱਸਣਯੋਗ ਹੈ ਕਿ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਲਈ ਛੇਵੇਂ ਪੜਾਅ ਵਿੱਚ 25 ਮਈ ਨੂੰ ਵੋਟਿੰਗ ਹੋਣੀ ਹੈ। ਇਸ ਦੌਰਾਨ ਡੇਰਾ ਸੱਚਾ ਸੌਦਾ ਵੱਲੋਂ ਭਾਜਪਾ ਨੂੰ ਸਮਰਥਨ ਦੇਣਾ ਵੱਡੀ ਗੱਲ ਮੰਨੀ ਜਾ ਰਹੀ ਹੈ।


ਭਾਜਪਾ ਨੇਤਾਵਾਂ ਨੇ ਹਨੀਪ੍ਰੀਤ ਨਾਲ ਕੀਤੀ ਮੁਲਾਕਾਤ 


ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਦਿਨ ਪਹਿਲਾਂ ਭਾਜਪਾ ਆਗੂ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਉਰਫ਼ ਪ੍ਰਿਅੰਕਾ ਤਨੇਜਾ ਨੂੰ ਮਿਲਣ ਡੇਰੇ ਗਏ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨੇਤਾਵਾਂ ਨੇ ਹਨੀਪ੍ਰੀਤ ਤੋਂ ਭਾਜਪਾ ਲਈ ਸਮਰਥਨ ਮੰਗਿਆ ਸੀ। ਹਨੀਪ੍ਰੀਤ ਨੇ ਇਸ ਬਾਰੇ ਸੋਚਣ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਡੇਰਾ ਸੱਚਾ ਸੌਦਾ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।