Liquor shops Closed: ਲੋਕ ਸਭਾ ਚੋਣਾਂ ਆਪਣੇ ਆਖਰੀ ਪੜਾਅ ‘ਤੇ ਹਨ। ਪੰਜਵੇਂ ਗੇੜ ਦੀ ਵੋਟਿੰਗ ਪੂਰੀ ਹੋ ਚੁੱਕੀ ਹੈ, ਹੁਣ ਛੇਵੇਂ ਪੜਾਅ ਦੀ ਵੋਟਿੰਗ 25 ਮਈ ਨੂੰ ਹੋਵੇਗੀ ਅਤੇ ਸੱਤਵੇਂ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ। ਚੋਣ ਨਤੀਜੇ 4 ਜੂਨ ਨੂੰ ਆਉਣਗੇ। ਛੇਵੇਂ ਪੜਾਅ ਦੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਤੋਂ ਖਤਮ ਹੋ ਗਿਆ ਹੈ। ਛੇਵੇਂ ਪੜਾਅ ‘ਚ ਦਿੱਲੀ ਅਤੇ ਹਰਿਆਣਾ ‘ਚ ਵੀ ਵੋਟਿੰਗ ਹੋਵੇਗੀ।
ਵੋਟਿੰਗ ਦੇ ਛੇਵੇਂ ਪੜਾਅ ਤੋਂ ਪਹਿਲਾਂ, ਦਿੱਲੀ, ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਅਤੇ ਹੋਰ ਲਾਇਸੰਸਸ਼ੁਦਾ ਦੁਕਾਨਾਂ 23 ਮਈ ਨੂੰ ਸ਼ਾਮ 6 ਵਜੇ ਤੋਂ 25 ਮਈ ਨੂੰ ਸ਼ਾਮ 6 ਵਜੇ ਤੱਕ ਬੰਦ ਰਹਿਣਗੀਆਂ। ਪੰਜਾਬ ਵਿਚ ਵੀ ਹਰਿਆਣਾ ਨਾਲ ਲੱਗਦੇ ਇਲਾਕਿਆਂ ਵਿਚ 3 ਕਿਲੋਮੀਟਰ ਦੇ ਦਾਇਰੇ ਵਿਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਲੋਕ ਸਭਾ ਚੋਣ ਨਤੀਜਿਆਂ ਵਾਲੇ ਦਿਨ 4 ਜੂਨ ਨੂੰ ਇਨ੍ਹਾਂ ਸ਼ਹਿਰਾਂ ਵਿੱਚ ਦੁਕਾਨਾਂ ਬੰਦ ਰਹਿਣਗੀਆਂ।
ਆਬਕਾਰੀ ਵਿਭਾਗ ਨੇ ਕਿਹਾ ਹੈ ਕਿ ਦਿੱਲੀ ਵਿੱਚ ਸ਼ਰਾਬ ਦੀਆਂ ਵੱਖ-ਵੱਖ ਦੁਕਾਨਾਂ ਅਤੇ ਹੋਰ ਲਾਇਸੰਸਸ਼ੁਦਾ ਅਹਾਤੇ 23 ਮਈ ਨੂੰ ਸ਼ਾਮ 6:00 ਵਜੇ ਤੋਂ 25 ਮਈ ਨੂੰ ਸ਼ਾਮ 6:00 ਵਜੇ ਤੱਕ, ਵੋਟਿੰਗ ਖਤਮ ਹੋਣ ਤੋਂ ਲਗਭਗ 48 ਘੰਟੇ ਪਹਿਲਾਂ ਬੰਦ ਰਹਿਣਗੇ।
ਹਰਿਆਣਾ ਦੇ ਗੁਰੂਗ੍ਰਾਮ ਵਿਚ ਵੀ 25 ਮਈ ਨੂੰ ਵੋਟਿੰਗ ਹੋਵੇਗੀ। ਗੁੜਗਾਓਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਤੋਂ ਪਹਿਲਾਂ ਸ਼ਹਿਰ ਦੀਆਂ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ 48 ਘੰਟੇ ਲਈ ਬੰਦ ਰੱਖਣਗੀਆਂ। ਵੋਟਾਂ ਦੀ ਗਿਣਤੀ ਵਾਲੇ ਦਿਨ 4 ਜੂਨ ਨੂੰ ਵੀ ਸ਼ਰਾਬ ਦੀ ਵਿਕਰੀ ਬੰਦ ਰਹੇਗੀ। ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕ ਸਭਾ ਚੋਣਾਂ 2024 ਦੌਰਾਨ 61 ਲੱਖ ਰੁਪਏ ਦੀ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਹੈ।
ਪੰਜਾਬ ਵਿਚ ਵੀ ਐਕਸਾਈਜ਼ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਕ ਵਿਸ਼ੇਸ਼ ਹੁਕਮ ਰਾਹੀਂ 31 ਮਈ ਦੀ ਸ਼ਾਮ ਤੋਂ ਲੈ ਕੇ 2 ਜੂਨ ਦੀ ਸ਼ਾਮ ਤੱਕ ਅਤੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ 4 ਜੂਨ ਨੂੰ ਡਰਾਈ ਡੇਅ ਘੋਸ਼ਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਨ੍ਹਾਂ ਹੁਕਮਾਂ ਅਨੁਸਾਰ ਅੰਗਰੇਜੀ ਅਤੇ ਦੇਸੀ ਸ਼ਰਾਬ, ਸਪਿਰਿਟ, ਅਲਕੋਹਲ ਜਾਂ ਹੋਰ ਕੋਈ ਵੀ ਵਸਤੂ ਜਿਸ ਨਾਲ ਸ਼ਰਾਬ ਵਰਗਾ ਨਸ਼ਾ ਹੁੰਦਾ ਹੋਵੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਜਮਾਖੋਰੀ ਵੰਡ ਜਾਂ ਸ਼ਰਾਬ ਪਿਲਾਉਣ ਵਾਲੇ ਹੋਟਲਾਂ ਢਾਬਿਆਂ, ਅਹਾਤਿਆਂ, ਰੈਸਟੋਰੈਂਟ, ਬੀਅਰ ਬਾਰ, ਕਲੱਬ ਜਾਂ ਕੋਈ ਹੋਰ ਜਨਤਕ ਥਾਵਾਂ ਤੇ ਉਕਤ ਦਿਨਾਂ ਨੂੰ ਵੇਚਣ/ਸਰਵ ਕਰਨ ‘ਤੇ ਪੂਰਨ ਪਾਬੰਦੀ ਰਹੇਗੀ।