IndiGo Flight Emergency Landing: ਇੰਡੀਗੋ ਦੀ ਉਡਾਣ 6E6764 ਨੇ ਵੀਰਵਾਰ ਨੂੰ ‘Mayday’ ਦੀ ਕਾਲ ਦਿੱਤੀ ਸੀ, ਜਿਸ ਤੋਂ ਬਾਅਦ ਜਹਾਜ਼ ਦੀ ਬੈਂਗਲੁਰੂ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। 

ਇੰਡੀਗੋ ਦੀ ਉਡਾਣ 6E6764 ਨੇ ਅਸਾਮ ਦੇ ਗੁਹਾਟੀ ਤੋਂ ਚੇਨਈ ਲਈ ਉਡਾਣ ਭਰੀ ਸੀ। ਪਰ ਰਸਤੇ ਵਿੱਚ ਹੀ, ਜਹਾਜ਼ ਵਿੱਚ ਈਂਧਨ ਦੀ ਘਾਟ ਕਾਰਨ, ਪਾਇਲਟ ਨੇ ਬੈਂਗਲੁਰੂ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨੂੰ ‘Mayday’ ਦੀ ਕਾਲ ਦਿੱਤੀ।

ਇੰਡੀਗੋ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਕਾਬਕ, ਭੀੜ-ਭੜੱਕੇ ਕਰਕੇ ਉਡਾਣ ਨੂੰ ਲੈਂਡ ਕਰਨ ਦੀ ਮਨਜ਼ੂਰੀ ਨਹੀਂ ਮਿਲੀ ਸੀ। ਇਸ ਤੋਂ ਬਾਅਦ, ਪਾਇਲਟ ਨੇ ਬੰਗਲੌਰ ਏਟੀਸੀ ਨੂੰ 'Low Fuel May Day’ ਕਾਲ ਦਿੱਤੀ ਸੀ। ਪਾਇਲਟ ਨੇ ਏਟੀਸੀ ਨੂੰ ਦੱਸਿਆ ਕਿ ਉਡਾਣ ਵਿੱਚ ਬਾਲਣ ਘੱਟ ਹੈ, ਇਸ ਲਈ ਕਿਰਪਾ ਕਰਕੇ ਸਾਨੂੰ ਪਹਿਲ ਦੇ ਆਧਾਰ 'ਤੇ ਉਤਰਨ ਦੀ ਇਜਾਜ਼ਤ ਦਿਓ। ਇਸ ਤੋਂ ਬਾਅਦ, ਇੰਡੀਗੋ ਦੀ ਉਡਾਣ ਨੇ ਰਾਤ 8.20 ਵਜੇ ਬੰਗਲੌਰ ਹਵਾਈ ਅੱਡੇ 'ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ।

ਗੁਹਾਟੀ ਤੋਂ ਚੇਨਈ ਜਾ ਰਹੀ ਇਸ ਇੰਡੀਗੋ ਦੀ ਫਲਾਈਟ ਵਿੱਚ ਕੁੱਲ 168 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ ਦੇ ‘Mayday’ ਦੀ ਕਾਲ ਤੋਂ ਬਾਅਦ, ਬੈਂਗਲੁਰੂ ਹਵਾਈ ਅੱਡੇ 'ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਲਈ ਤੁਰੰਤ ਤਿਆਰੀਆਂ ਕੀਤੀਆਂ ਗਈਆਂ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਮੈਡੀਕਲ ਅਤੇ ਫਾਇਰ ਸਰਵਿਸਿਜ਼ ਟੀਮਾਂ ਨੂੰ ਵੀ ਭੇਜਿਆ ਗਿਆ ਸੀ। ਹਾਲਾਂਕਿ, ਜਹਾਜ਼ ਦੀ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਹੋਈ।

ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ, ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਸਨ। ਜਹਾਜ਼ ਦੇ ਉਤਰਨ ਤੋਂ ਬਾਅਦ, ਉਨ੍ਹਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਦੇ ਨਾਲ ਹੀ, ਇੰਡੀਗੋ ਫਲਾਈਟ ਵਿੱਚ ਈਂਧਨ ਭਰਿਆ ਗਿਆ ਅਤੇ ਚਾਲਕ ਦਲ ਨੂੰ ਬਦਲਣ ਤੋਂ ਬਾਅਦ, ਫਲਾਈਟ ਨੂੰ ਰਾਤ 10.24 ਵਜੇ ਦੇ ਕਰੀਬ ਬੰਗਲੌਰ ਹਵਾਈ ਅੱਡੇ ਤੋਂ ਚੇਨਈ ਲਈ ਰਵਾਨਾ ਕੀਤਾ ਗਿਆ।

ਉੱਥੇ ਹੀ ਸ਼ੁੱਕਰਵਾਰ (20 ਜੂਨ) ਨੂੰ, ਚੇਨਈ ਤੋਂ ਮਦੁਰਾਈ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਹਵਾ ਵਿੱਚ ਤਕਨੀਕੀ ਖਰਾਬੀ ਕਾਰਨ ਵਾਪਸ ਚੇਨਈ ਵੱਲ ਮੁੜ ਗਈ। ਉਡਾਣ ਵਿੱਚ ਕੁੱਲ 68 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਿਵੇਂ ਹੀ ਉਡਾਣ ਵਿੱਚ ਤਕਨੀਕੀ ਖਰਾਬੀ ਦਾ ਪਤਾ ਲੱਗਿਆ, ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪਾਇਲਟ ਨੇ ਤੁਰੰਤ ਜਹਾਜ਼ ਨੂੰ ਚੇਨਈ ਵਾਪਸ ਮੋੜ ਦਿੱਤਾ ਅਤੇ ਸੇਫ ਲੈਂਡਿੰਗ ਕਰਵਾਈ।