ਨਵੀਂ ਦਿੱਲੀ: ਮੋਦੀ ਸਰਕਾਰ ਨੇ ਨੋਟਬੰਦੀ ਮਗਰੋਂ ਹੁਣ 'ਸੋਨਾਬੰਦੀ' ਦਾ ਐਲਾਨ ਕੀਤਾ ਹੈ। ਸਰਕਾਰ ਦੇ ਤਾਜ਼ਾ ਹੁਕਮਾਂ ਮੁਤਬਕ ਹੁਣ ਦੇਸ਼ ਵਿੱਚ ਸੋਨੇ ਦੇ ਗਹਿਣਿਆਂ ਤੇ ਹੋਰ ਵਸਤਾਂ ਦੀ ਹਾਲਮਾਰਕਿੰਗ ਲਾਜ਼ਮੀ ਕਰ ਦਿੱਤੇ ਗਏ ਹਨ। ਇਸ ਦੇ ਨਿਯਮਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।


ਇਹ ਨੇਮ 15 ਜਨਵਰੀ 2021 ਤੋਂ ਲਾਗੂ ਹੋਣਗੇ। ਨੋਟੀਫਿਕੇਸ਼ਨ ਮੁਤਾਬਕ ਸਿਰਫ਼ ਰਜਿਸਟਰਡ ਜਿਊਲਰਜ਼ ਹੀ ਹਾਲਮਾਰਕ ਵਾਲੀਆਂ ਸੋਨੇ ਦੀਆਂ ਵਸਤਾਂ ਵੇਚ ਸਕਣਗੇ। ਇਹ ਜਿਊਲਰਜ਼ ਹੁਣ ਸਿਰਫ਼ ਤਿੰਨ ਵੰਨਗੀਆਂ 14, 18 ਤੇ 22 ਕੈਰੇਟ ਦਾ ਸੋਨਾ ਹੀ ਵੇਚਣਗੇ।

ਬੇਸ਼ੱਕ ਇਸ ਬਾਰੇ ਅਜੇ ਪੂਰਾ ਸਪਸ਼ਟ ਵੇਰਵਾ ਸਾਹਮਣੇ ਨਹੀਂ ਆਇਆ ਪਰ ਇਹ ਤੈਅ ਹੈ ਕਿ ਹੁਣ ਜਣਾ-ਖਣਾ ਸੋਨੇ ਦੇ ਗਹਿਣੇ ਨਹੀਂ ਵੇਚ ਸਕੇਗਾ। ਇਸ ਕਰਕੇ ਛੋਟੇ ਸੁਨਿਆਰਿਆਂ ਨੂੰ ਫਿਕਰ ਪੈ ਗਿਆ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਰੁਜ਼ਗਾਰ ਤੋਂ ਹੱਥ ਧੋਣੇ ਪੈ ਸਕਦੇ ਹਨ।

ਦੱਸ ਦਈਏ ਕਿ ਇਸ ਵੇਲੇ ਪਿੰਡਾਂ, ਕਸਬਿਆਂ ਤੇ ਛੋਟੇ ਸ਼ਹਿਰਾਂ ਵਿੱਚ ਗੈਰ ਰਜਿਸਟਰਡ ਛੋਟੇ ਸੁਨਿਆਰੇ ਹੀ ਗਹਿਣੇ ਬਣਾਉਣ ਤੇ ਵੇਚਣ ਦਾ ਕੰਮ ਕਰਦੇ ਹਨ। ਸਰਕਾਰੀ ਨਿਯਮਾਂ ਮੁਤਾਬਕ ਹਰ ਕਿਸੇ ਲਈ ਰਜਿਸਟ੍ਰੇਸ਼ਨ ਕਰਾਉਣਾ ਔਖਾ ਹੈ।