ਅੰਮ੍ਰਿਤਸਰ: ਪਿਛਲੇ 3 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਹਾਮਿਦ ਅਨਸਾਰੀ ਦੀ ਅੱਜ ਵਾਹਗਾ ਬਾਰਡਰ ਰਾਹੀਂ ਰਿਹਾਈ ਕੀਤੀ ਜਾ ਰਹੀ ਹੈ। ਅੱਜ ਉਸ ਨੂੰ ਕਰੀਬ ਦੋ ਵਜੇ BSF ਜਵਾਨਾਂ ਦੇ ਹਵਾਲੇ ਕੀਤਾ ਜਾਏਗਾ। ਉਸ ਦਾ ਪਰਿਵਾਰ ਅੰਮ੍ਰਿਤਸਰ ਪਹੁੰਚ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਹਾਮਿਦ ਦੀ ਵਤਨ ਵਾਪਸੀ ’ਤੇ ਖ਼ੁਸ਼ੀ ਜ਼ਾਹਰ ਕੀਤੀ। ਪਿਤਾ ਨੇ ਕਿਹਾ ਕਿ ਹੁਣ ਹਾਮਿਦ ਨੂੰ ਫੇਸਬੁੱਕ ਤੋਂ ਥੋੜਾ ਪਰਹੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਹਾਮਿਦ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ।


ਹਾਮਿਦ ਅੰਸਾਰੀ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਜੋ ਆਨਲਾਈਨ ਦੋਸਤ ਬਣੀ ਕੁੜੀ ਨੂੰ ਮਿਲਣ ਲਈ ਪਾਕਿਸਤਾਨ ਪਹੁੰਚ ਗਿਆ ਸੀ। ਉਸ ਨੂੰ ਫਰਜ਼ੀ ਕਾਗਜ਼ਾਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਕਰਕੇ ਉਸ ਨੂੰ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਹਾਮਿਦ ਨੂੰ ਨਵੰਬਰ 2012 'ਚ ਪਾਕਿਸਤਾਨੀ ਦੇ ਕੋਹਾਟ ਤੋਂ ਹਿਰਾਸਤ 'ਚ ਲਿਆ ਗਿਆ ਸੀ ਤੇ ਰਿਹਾਈ ਤੋਂ ਪਹਿਲਾਂ ਉਹ ਮਰਦਾਨ ਜੇਲ੍ਹ ਵਿੱਚ ਬੰਦ ਸੀ।

ਹੁਣ ਸਜ਼ਾ ਦੇ ਤਿੰਨ ਸਾਲ ਪੂਰੇ ਹੋਣ ਬਾਅਦ  ਪਾਕਿਸਤਾਨ ਸਰਕਾਰ ਨੇ ਉਸ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਹੈ। ਅੱਜ ਉਹ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਪਰਤੇਗਾ। ਕਰਤਾਰਪੁਰ ਸਾਹਿਬ ਲਾਂਘੇ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਅਮਨ-ਸ਼ਾਂਤੀ ਕਾਇਮ ਕਰਨ ਲਈ ਭਾਰਤ ਵੱਲ ਵਧਾਇਆ ਇਹ ਦੂਜਾ ਕਦਮ ਹੈ।

ਹਾਮਿਦ ਦੇ ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਆਪਣੇ ਮੁੰਡੇ ਨੂੰ ਦੁਬਾਰਾ ਮਿਲ ਸਕਣਗੇ ਪਰ ਕੁਝ ਲੋਕਾਂ ਦੇ ਸਹਿਯੋਗ ਦੀ ਵਜ੍ਹਾ ਕਰਕੇ ਹਾਮਿਦ ਦੀ ਰਿਹਾਈ ਸੰਭਵ ਹੋ ਸਕਿਆ ਹੈ। ਹਾਮਿਦ ਦੇ ਪਿਤਾ ਨੇ ਕਿਹਾ ਕਿ ਉਸ ’ਤੇ ਥੋੜਾ ਕੰਟਰੋਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਉਮੀਦ ਜਤਾਈ ਕਿ ਹੁਣ ਉਹ ਪੁਰਾਣੀਆਂ ਗੱਲਾਂ ਭੁੱਲ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗਾ।