ਚੰਡੀਗੜ੍ਹ: ਪਾਕਿਸਤਾਨ ਵਿੱਚ ਰਹਿੰਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਾਰਕੁਨ ਹਰਮੀਤ ਸਿੰਘ ਉਰਫ਼ ਹੈਪੀ ਪੀਐਚਡੀ ਨੂੰ ਉਸ ਦੀ ਬਜ਼ੁਰਗ ਮਾਂ ਕੁਸ਼ਬੀਰ ਨੇ ਭਾਵੁਕ ਸੁਨੇਹਾ ਦਿੱਤਾ ਹੈ। ‘ਦਿ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਉਸ ਦੀ ਮਾਂ ਨੇ ਆਪਣੇ ਪੁੱਤ ਨੂੰ ਸੰਦੇਸ਼ ਦਿੱਤਾ ਹੈ ਕਿ ਜਿਸ ਦਿਨ ਦਾ ਉਹ ਘਰੋਂ ਲਾਪਤਾ ਹੋਇਆ ਹੈ, ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੈ। ਧਾਰਮਿਕ ਸਿੱਖਿਆ ਭਾਈਚਾਰਕ ਸਾਂਝ ਦੇ ਸੁਨੇਹਾ ਦਿੰਦੀ ਹੈ, ਜੇ ਉਸ (ਹੈਪੀ) ਨੇ ਕੋਈ ਮਾੜਾ ਕੰਮ ਕੀਤਾ ਵੀ ਹੈ ਤਾਂ ਉਸ ਨੂੰ ਹੁਣ ਆਤਮ ਸਮਰਪਣ ਕਰਕੇ ਮਾਫੀ ਮੰਗ ਲੈਣੀ ਚਾਹੀਦੀ ਹੈ ਜਾਂ ਫਿਰ ਆਪਣੀ ਸਫ਼ਾਈ ਦੇਣੀ ਚਾਹੀਦੀ ਹੈ।


ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹੁੰਦੀ ਹਰ ਹਿੰਸਕ ਘਟਨਾ ਨਾਲ ਕਿਤੇ ਨਾ ਕਿਤੇ ਹੈਪੀ ਦਾ ਨਾਂ ਜੁੜਿਆ ਹੁੰਦਾ ਹੈ। ਉਸ ਦਾ ਪਰਿਵਾਰ ਅੰਮ੍ਰਿਤਸਰ ਦੇ ਛੇਹਰਟਾ ਵਿੱਚ ਰਹਿੰਦਾ ਹੈ। ਹੈਪੀ ਦੇ ਘਰ ਦਾ ਨਾਂ ‘ਰੌਬੀ’ ਹੈ। ਮਾਂ ਕੁਸ਼ਬਾਰ ਕੌਰ ਤੇ ਪਿਤਾ ਅਵਤਾਰ ਸਿੰਘ ਦੋਵੇਂ ਸੇਵਾਮੁਕਤ ਸਰਕਾਰੀ ਮੁਲਾਜ਼ਮ ਹਨ। ਉਨ੍ਹਾਂ ਕਿਹਾ ਕਿ ਉਹ ਇਸੇ ਆਸ ਵਿੱਚ ਜਿਊਂਦੇ ਹਨ ਕਿ ਆਖ਼ਰ ਉਹ ਹੈਪੀ ਪੀਐਚਡੀ, ਇੰਨਾ ਹਿੰਸਕ ਕਿਵੇਂ ਬਣਿਆ? ਜਦਕਿ ਉਸ ਨੇ ਇਕੱਲੀ ਪੀਐਚਡੀ ਨਹੀਂ ਕੀਤੀ, ਸਿਰਫ ਧਾਰਮਿਕ ਸਿੱਖਿਆ ਵਿੱਚ ਜੇਆਰਐਫ ਦਾ ਟੈਸਟ ਪਾਸ ਕੀਤਾ ਹੈ।

ਹੈਪੀ ਦੇ ਮਾਪਿਆਂ ਨੇ ਮੰਨਣੋਂ ਇਨਕਾਰ ਕੀਤਾ ਕਿ ਇੰਨੇ ਮਿੱਠੇ ਸੁਭਾਅ ਦਾ ਉਨ੍ਹਾਂ ਦਾ ਪੁੱਤ ਹਿੰਸਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਹੈਪੀ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੋਇਆ। ਪਿਤਾ ਨੇ ਕਿਹਾ ਕਿ ਉਹ ਜਿਊਂਦਾ ਹੀ ਹੈ। ਉਸ ਨੂੰ ਆਖ਼ਰੀ ਵਾਰ 6 ਨਵੰਬਰ, 2008 ਨੂੰ ਵੇਖਿਆ ਗਿਆ ਸੀ। ਉਸ ਵੇਲੇ ਉਹ ਘਰੋਂ ਗੁਰੂ ਨਾਨਾਕ ਦੇਵ ਯੂਨੀਵਰਸਿਟੀ ਗਿਆ ਸੀ ਤੇ ਵਾਪਸ ਨਹੀਂ ਆਇਆ। ਉਸੇ ਦਿਨ ਹੀ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ। ਉਸ ਉੱਤੇ ਡੇਰਾ ਮੁਖੀ ਰਾਮ ਰਹੀਮ ਨੂੰ ਮਾਰਨ ਦੀ ਸਾਜ਼ਿਸ਼ ਘੜਨ ਦਾ ਇਲਜ਼ਾਮ ਲੱਗਾ ਸੀ। ਉਸ ਦਿਨ ਤੋਂ ਹੀ ਉਹ ਪੁਲਿਸ ਦੇ ਹੱਥੋਂ ਬਾਹਰ ਹੈ।