ਹਨੂਮਾਨਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਭਾਰਤ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਕਾਂਗਰਸ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਭਾਰਤ-ਪਾਕਿ ਵੰਡ ਸਮੇਂ ਕਾਂਗਰਸ ਸਰਕਾਰ ਦੀਆਂ ਗ਼ਲਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਤਤਕਾਲੀ ਕਾਂਗਰਸ ਦੀਆਂ ਗਲਤੀਆਂ ਕਰਕੇ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਰਹਿ ਗਿਆ ਕਿਉਂਕਿ ਕਾਂਗਰਸ ਨੇ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਤੋਂ ਜਵਾਬ ਮੰਗਿਆ ਕਿ ਇਹ ਲਾਂਘਾ 70 ਸਾਲ ਪਹਿਲਾਂ ਕਿਉਂ ਨਹੀਂ ਖੋਲ੍ਹਿਆ ਗਿਆ?

ਮੋਦੀ ਨੇ ਕਿਹਾ ਕਿ ਵੰਡ ਸਮੇਂ ਜੇ ਤਤਕਾਲੀ ਕਾਂਗਰਸੀ ਲੀਡਰਾਂ ਵਿੱਚ ਇਸ ਗੱਲ ਦੀ ਥੋੜ੍ਹੀ ਵੀ ਸਮਝਦਾਰੀ ਜਾਂ ਗੰਭੀਰਤਾ ਹੁੰਦੀ ਤਾਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਕਰਤਾਰਪੁਰ ਸਾਹਿਬ ਭਾਰਤ ਤੋਂ ਵੱਖ ਨਾ ਹੁੰਦਾ। ਸੱਤਾ ਦੇ ਲਾਲਚ ਵਿੱਚ ਕਾਂਗਰਸ ਨੇ ਕਈ ਗ਼ਲਤੀਆਂ ਕੀਤੀਆਂ ਜਿਨ੍ਹਾਂ ਦਾ ਹਰਜ਼ਾਨਾ ਪੂਰੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ।

ਨਰੇਂਦਰ ਮੋਦੀ ਨੇ ਇਸ ਰੈਲੀ ਵਿੱਚ ਕਰਤਾਰਪੁਰ ਦੇ ਮੁੱਦੇ ’ਤੇ ਜ਼ੋਰ ਦਿੱਤਾ ਤੇ ਸ਼੍ਰੀਗੰਗਾਨਗਰ ਤੇ ਹਨੁਮਾਨਗੜ੍ਹ ਜ਼ਿਲ੍ਹੇ ਦੀਆਂ 11 ਸੀਟਾਂ ਕਵਰ ਕੀਤੀਆਂ। ਇਹ ਖੇਤਰ ਪੰਜਾਬ ਬਾਰਡਰ ਨਾਲ ਜੁੜਿਆ ਹੈ ਤੇ ਇੱਥੇ ਸਿੱਖ ਭਾਈਚਾਰੇ ਦਾ ਚੰਗਾ ਪ੍ਰਭਾਵ ਹੈ। ਮੋਦੀ ਨੇ ਕਿਹਾ ਕਿ 1947 ਵਿੱਚ ਕਾਂਗਰਸ ਨੂੰ ਕਰਤਾਰਪੁਰ ਸਾਹਿਬ ਦੀ ਯਾਦ ਕਿਉਂ ਨਹੀਂ ਆਈ? ਉਨ੍ਹਾਂ ਕਿਹਾ ਕਿ ਜੇ ਅੱਜ ਕਰਤਾਰਪੁਰ ਲਾਂਘਾ ਬਣ ਰਿਹਾ ਹੈ ਤਾਂ ਇਸ ਦਾ ਕ੍ਰੈਡਿਟ ਮੋਦੀ ਨੂੰ ਨਹੀਂ, ਬਲਕਿ ਦੇਸ਼ ਦੀ ਜਨਤਾ ਨੂੰ ਜਾਂਦਾ ਹੈ।