ਨਵੀਂ ਦਿੱਲੀ: ਅੱਜ ਭਾਰਤੀ ਜਲ ਸੈਨਾ ਦਿਹਾੜਾ ਹੈ, ਜੋ ਹਰ ਸਾਲ 4 ਦਸੰਬਰ ਨੂੰ ਨੇਵੀ ਦੇ ਬਹਾਦਰਾਂ ਨੂੰ ਯਾਦ ਕਰਕੇ ਮਨਾਇਆ ਜਾਂਦਾ ਹੈ। ਸਾਲ 1971 ‘ਚ ਭਾਰਤ-ਪਾਕਿਸਤਾਨ ਜੰਗ ‘ਚ ਭਾਰਤੀ ਨੇਵੀ ਦੀ ਜਿੱਤ ਦੇ ਜਸ਼ਨ ‘ਚ ਇਹ ਦਿਨ ਮਨਾਇਆ ਜਾਂਦਾ ਹੈ। 1971 ‘ਚ ਹੋਏ ਇਸ ਅਪ੍ਰੇਸ਼ਨ ਦਾ ਨਾਂ ਟ੍ਰਾਈਡੈਂਟ ਸੀ, ਜਿਸ ਦੀ ਕਾਮਯਾਬੀ ਹਰ ਸਾਲ 4 ਦਸੰਬਰ ਨੂੰ ਮਨਾਈ ਜਾਂਦੀ ਹੈ।



1971 ਦੀ ਜੰਗ ਦੀ ਸ਼ੁਰੂਆਤ 3 ਦਸੰਬਰ ਨੂੰ ਹੋਈ ਸੀ, ਜਿਸ ‘ਚ ਪਾਕਿਸਤਾਨ ਨੇ ਭਾਰਤੀ ਹਵਾਈ ਖੇਤਰਾਂ ਤੇ ਬਾਰਡਰ ਨੇੜਲੇ ਇਲਾਕਿਆਂ ‘ਤੇ ਹਮਲਾ ਕੀਤਾ ਸੀ। ਪਾਕਿ ਸੈਨਾ ਨੂੰ ਜਵਾਬ ਦੇਣ ਲਈ ਭਾਰਤੀ ਸੈਨਾ ਨੇ ਇਹ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਇਹ ਮੁਹਿੰਮ ਪਾਕਿਸਤਾਨੀ ਜਲ ਸੈਨਾ ਦੇ ਕਰਾਚੀ ਸਥਿਤ ਹੈੱਡਕੁਆਟਰ ਨੂੰ ਨਿਸ਼ਾਨੇ ‘ਤੇ ਰੱਖ ਸ਼ੁਰੂ ਕੀਤਾ ਗਿਆ ਸੀ।

ਭਾਰਤ ਵੱਲੋਂ ਇਸ ਹਮਲੇ ‘ਚ 3 ਬਿਜਲੀ ਕਲਾਸ ਮਿਸਾਈਲ ਬੋਟ, 2 ਐਂਟੀ-ਸਬਮਰੀਨ ਤੇ ਇੱਕ ਟੈਂਕ ਸ਼ਾਮਲ ਸੀ। ਇਸ ਜੰਗ ‘ਚ ਪਹਿਲੀ ਵਾਰ ਜਹਾਜ਼ ‘ਤੇ ਮਾਰ ਕਰਨ ਵਾਲੀ ਐਂਟੀ ਸ਼ਿਪ ਮਿਸਾਈਲ ਨਾਲ ਹਮਲਾ ਕੀਤਾ ਗਿਆ ਸੀ। ਇਸ ‘ਚ ਭਾਰਤ, ਪਾਕਿਸਤਾਨ ਦੇ ਕਰਾਚੀ ‘ਤੇ ਰਾਤ ਨੂੰ ਅਟੈਕ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਦਾ ਕਾਰਨ ਸੀ ਪਾਕਿ ਕੋਲ ਰਾਤ ਦੇ ਹਨੇਰੇ ‘ਚ ਬੰਬਾਰੀ ਕਰਨ ਵਾਲੇ ਜਹਾਜ਼ ਨਹੀਂ ਸੀ।



ਇਸ ਜੰਗ ‘ਚ ਭਾਰਤ ਦਾ ਕੋਈ ਵੀ ਜਵਾਨ ਸ਼ਹੀਦ ਨਹੀਂ ਸੀ ਹੋਇਆ, ਜਦਕਿ ਪਾਕਿਸਤਾਨ ਦੇ ਪੰਜ ਜਲ ਸੈਨਿਕ ਮਾਰੇ ਗਏ ਸੀ ਤੇ 700 ਤੋਂ ਜ਼ਿਆਦਾ ਜ਼ਖ਼ਮੀ ਹੋਏ ਸੀ। ਇਸ ਤੋਂ ਬਾਅਦ ਹਰ ਸਾਲ 4 ਦਸੰਬਰ ਨੂੰ ਜਲ ਸੈਨਾ ਦਿਹਾੜਾ ਮਨਾਇਆ ਜਾਂਦਾ ਹੈ।