Hardeep Nijjar Murder Case: ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਹੋਏ ਕਤਲ ’ਤੇ ਭਾਰਤ ਨਰਮ ਪੈ ਗਿਆ ਹੈ। ਕੈਨੇਡਾ ਦੇ ਸਖਤ ਸਟੈਂਡ ਮਗਰੋਂ ਭਾਰਤ ਨੇ ਮਾਮਲੇ ਦੀ ਜਾਂਚ ਦੀ ਹਾਮੀ ਭਰੀ ਹੈ। ਭਾਰਤ ਦਾ ਇਹ ਰੁਖ ਕੈਨੇਡਾ ਮਗਰੋਂ ਅਮਰੀਕਾ ਵੱਲੋਂ ਵੀ ਅਜਿਹੇ ਹੀ ਖੁਲਾਸੇ ਕਰਨ ਕਰਕੇ ਸਾਹਮਣੇ ਆਇਆ ਹੈ।


ਭਾਰਤ-ਕੈਨੇਡਾ ਵਿਚਾਲੇ ਪੈਦਾ ਹੋਏ ਕੂਟਨੀਤਕ ਟਕਰਾਅ ’ਤੇ ਬੋਲਦਿਆਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਤੇ ਸਮਝਦਾਰ ਮੁਲਕ ਵਜੋਂ ਭਾਰਤ ਹਮੇਸ਼ਾ ਕਿਸੇ ਹੋਰ ਮੁਲਕ ਵੱਲੋਂ ਦਿੱਤੀ ਗਈ ਸੂਚਨਾ ਦੀ ਪੜਤਾਲ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ‘ਇਹ ਜ਼ਰੂਰੀ ਨਹੀਂ ਹੈ ਕਿ ਕੈਨੇਡਾ ਤੇ ਅਮਰੀਕਾ ਵੱਲੋਂ ਉਠਾਏ ਗਏ ਮੁੱਦੇ ਇਕੋ ਹੋਣ। ਮੈਂ ਸੋਚਦਾ ਹਾਂ ਕਿ ਹਰ ਕੋਈ ਜਾਣਦਾ ਹੈ ਕਿ ਭਾਰਤ ਇਕ ਅਜਿਹਾ ਮੁਲਕ ਹੈ ਜੋ ਆਪਣੇ ਕੰਮਾਂ ਪ੍ਰਤੀ ਬਹੁਤ ਜ਼ਿੰਮੇਵਾਰ ਹੈ ਤੇ ਸਮਝਦਾਰੀ ਤੋਂ ਕੰਮ ਲੈਂਦਾ ਹੈ। 



ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਪੂਰਾ ਮਾਮਲਾ ਇਹ ਹੈ ਕਿ ਅਸੀਂ ਕਹਿੰਦੇ ਰਹੇ ਹਾਂ ਕਿ ਕਿਸੇ ਵੀ ਮੁਲਕ ਨੂੰ, ਸਿਰਫ਼ ਕੈਨੇਡਾ ਨੂੰ ਨਹੀਂ, ਜੇਕਰ ਕੋਈ ਚਿੰਤਾ ਹੈ ਤਾਂ ਉਹ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦਾ ਹੈ, ਤੇ ਇਸ ਲਈ ਕੁਝ ਅਧਾਰ ਵੀ ਦੱਸ ਸਕਦਾ ਹੈ। ਅਸੀਂ ਵਿਚਾਰ ਕਰਨ ਲਈ ਤਿਆਰ ਹਾਂ।’ 


ਜੈਸ਼ੰਕਰ ਐਤਵਾਰ ਨੂੰ ਬੰਗਲੁਰੂ ਵਿੱਚ ਰੋਟਰੀ ਇੰਸਟੀਚਿਊਟ ਦੇ ਇੱਕ ਸਮਾਗਮ ਵਿੱਚ ਬੋਲ ਰਹੇ ਸਨ। ਉਨ੍ਹਾਂ ਨਾਲ ਹੀ ਜ਼ਿਕਰ ਕੀਤਾ ਕਿ ਜਿਹੜਾ ਮੁੱਦਾ ਅਮਰੀਕੀਆਂ ਨੇ ਉਠਾਇਆ ਹੈ, ਉਸ ਨਾਲ ਉਨ੍ਹਾਂ ਕੁਝ ਖਾਸ ਚੀਜ਼ਾਂ ਵੀ ਸਾਂਝੀਆਂ ਕੀਤੀਆਂ ਹਨ। ਮੰਤਰੀ ਨੇ ਕਿਹਾ ਕਿ ਭਾਰਤ ਨੇ ‘ਬਹੁਤ ਗੰਭੀਰਤਾ’ ਨਾਲ ਕੈਨੇਡੀਅਨਾਂ ਨੂੰ ਦੱਸਿਆ ਹੈ ਕਿ ਇਹ ਉਨ੍ਹਾਂ (ਕੈਨੇਡਾ) ਦੀ ਮਰਜ਼ੀ ਹੈ ਜੇਕਰ ਉਹ ਚਾਹੁੰਦੇ ਹਨ ਤਾਂ ਇਸ ਮਾਮਲੇ ਉਤੇ ਅੱਗੇ ਵਧਿਆ ਜਾ ਸਕਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।