ਨਵੀਂ ਦਿੱਲੀ: ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਹਿੰਦੀ ਨਿਊਜ਼ ਚੈਨਲ ਐਨ.ਡੀ.ਟੀ.ਵੀ. ਇੰਡੀਆ ਦਾ ਪ੍ਰਸਾਰਨ ਇੱਕ ਦਿਨ ਲਈ ਬੰਦ ਕਰਨ ਦੇ ਹੁਕਮ ਦੀ ਅਲੋਚਨਾ ਹੋਣੀ ਸ਼ੁਰੂ ਹੋ ਗਈ ਹੈ। ਬਰਾਡਕਾਸਟ ਐਡੀਟਰ ਐਸੋਸੀਏਸ਼ਨ (ਬੀ.ਈ.ਏ.) ਤੇ ਐਡੀਟਰ ਗਿਲਡ ਨੇ ਸੂਚਨਾ ਪ੍ਰਸ਼ਾਸਨ ਮੰਤਰਾਲੇ ਵੱਲੋਂ ਐਨ.ਡੀ.ਟੀ.ਵੀ. ਉੱਤੇ ਕੀਤੀ ਗਈ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਬੀ.ਈ.ਏ. ਤੇ ਐਡੀਟਰ ਗਿਲਡ ਨੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਚੈਨਲ ਸਬੰਧੀ ਦਿੱਤੇ ਗਏ ਹੁਕਮ ਨੂੰ ਤੁਰੰਤ ਵਾਪਸ ਲੈਣ ਲਈ ਆਖਿਆ ਹੈ। ਬੀ.ਏ.ਏ. ਨੇ ਇਸ ਨੂੰ ਬੋਲਣ ਦੀ ਆਜ਼ਾਦੀ ਉੱਤੇ ਪਾਬੰਦੀ ਕਰਾਰ ਦਿੱਤਾ ਹੈ।

ਯਾਦ ਰਹੇ ਕਿ ਵੀਰਵਾਰ ਨੂੰ ਮੋਦੀ ਸਰਕਾਰ ਨੇ ਹਿੰਦੀ ਨਿਊਜ਼ ਚੈਨਲ ਐਨ.ਡੀ.ਟੀ.ਵੀ. ਇੰਡੀਆ ਦਾ ਪ੍ਰਸਾਰਨ ਇੱਕ ਦਿਨ ਲਈ ਬੰਦ ਕਰਨ ਦਾ ਹੁਕਮ ਦਿੱਤਾ ਸੀ।  ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਬਣਾਈ ਮੰਤਰੀਆਂ ਉੱਤੇ ਆਧਾਰਤ ਕਮੇਟੀ ਨੇ ਪਠਾਨਕੋਟ ਅਤਿਵਾਦੀ ਹਮਲੇ ਦੀ ਕਵਰੇਜ਼ ਕਰਦੇ ਸਮੇਂ ‘ਸੰਵੇਦਨਸ਼ੀਲ’ ਜਾਣਕਾਰੀ ਟੀ.ਵੀ. ਉੱਤੇ ਦਿਖਾਉਣ ਉੱਤੇ ਚੈਨਲ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ।

ਕਮੇਟੀ ਨੇ 9 ਨਵੰਬਰ ਨੂੰ ਇੱਕ ਦਿਨ ਲਈ ਚੈਨਲ ਨੂੰ ਆਫ਼ ਏਅਰ ਯਾਨੀ ਪ੍ਰਸ਼ਾਸਨ ਬੰਦ ਕਰਨ ਦੀ ਸ਼ਿਫਾਰਸ ਸਰਕਾਰ ਨੂੰ ਕੀਤੀ ਹੈ। ਮੰਤਰਾਲੇ ਦੀ ਕਮੇਟੀ ਨੇ ਇਸ ਦੌਰਾਨ ਚੈਨਲ ਦੀ ਕਵਰੇਜ ਨੂੰ ਕੌਮੀ ਸੁਰੱਖਿਆ ਦੇ ਲਈ ਖ਼ਤਰਾ ਮੰਨਿਆ ਹੈ। ਦੂਜੇ ਪਾਸੇ ਚੈਨਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਲਕੁਲ ਸੰਤੁਲਤ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ ਸਰਕਾਰ ਦਾ ਇਹ ਹੁਕਮ ਪਹਿਲੀ ਕਿਸੇ ਚੈਨਲ ਸਬੰਧੀ ਆਇਆ ਹੈ।

ਆਪਣੇ ਬਿਆਨ ਵਿੱਚ ਚੈਨਲ ਨੇ ਆਖਿਆ ਹੈ ਕਿ ਉਨ੍ਹਾਂ ਬਹੁਤ ਹੈਰਾਨੀ ਹੋਈ ਹੈ ਕਿ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਪਾਬੰਦੀ ਲਈ ਚੁਣਿਆ ਗਿਆ ਹੈ। ਉਨ੍ਹਾਂ ਆਖਿਆ ਕਿ ਹਰ ਚੈਨਲ ਤੇ ਅਖ਼ਬਾਰ ਦੀ ਕਵਰੇਜ ਇੱਕੋ ਵਰਗੀ ਸੀ। ਚੈਨਲ ਨੇ ਆਖਿਆ ਹੈ ਕਿ ਉਹ ਆਪਣੇ ਸਾਰੇ ਵਿਕਲਪਾਂ ਉੱਤੇ ਵਿਚਾਰ ਕਰ ਰਹੇ ਹਨ।