ਮੇਚੋਕਾ: ਲਦਾਖ਼ ਵਿੱਚ ਭਾਰਤ ਤੇ ਚੀਨ ਦੀ ਸੈਨਾ ਵਿਚਾਲੇ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਤਣਾਅ ਦੇ ਦਰਮਿਆਨ ਏਅਰਫੋਰਸ ਨੇ ਆਪਣਾ ਸਭ ਤੋਂ ਵੱਡਾ ਟਰਾਂਸਪੋਰਟ ਏਅਰ ਕਰਾਫ਼ਟ ਗਲੋਬ ਮਾਸਟਰ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਦੀ ਸੀਮਾ ਦੇ ਬੇਹੱਦ ਕਰੀਬ ਛੋਟੀ ਹਵਾਈ ਪੱਟੀ ਮੇਚੋਕਾ 'ਤੇ ਲੈਂਡ ਕਰਵਾ ਦਿੱਤਾ। ਮੇਚੋਕਾ ਐਡਵਾਂਸ ਲੈਂਡਿੰਗ ਗਰਾਊਂਡ ਸਾਢੇ ਛੇ ਹਜ਼ਾਰ ਫੁੱਟ ਦੀ ਉਚਾਈ ਉੱਤੇ ਸਥਿਤ ਹੈ। ਇਸ ਪੱਟੀ ਦੀ ਲੰਬਾਈ ਮਹਿਜ਼ 4200 ਮੀਟਰ ਹੈ। ਅਜਿਹੇ ਵਿੱਚ ਇਸ ਛੋਟੀ ਹਵਾਈ ਪੱਟੀ ਉੱਤੇ ਗਲੋਬ ਮਾਸਟਰ ਜਹਾਜ਼ ਦਾ ਲੈਂਡ ਕਰਨਾ ਆਪਣੇ ਆਪ ਵਿੱਚ ਹੈਰਾਨ ਕਰਨ ਵਾਲਾ ਹੈ।

ਗਲੋਬ ਮਾਸਟਰ ਦੀ ਲੈਂਡਿੰਗ ਦੇ ਨਾਲ ਇਸ ਖੇਤਰ ਵਿੱਚ ਤਾਇਨਾਤ ਸੈਨਿਕਾਂ ਤੱਕ ਸਾਜੋ-ਸਾਮਾਨ ਪਹੁੰਚਾਉਣਾ ਹੋਰ ਆਸਾਨ ਹੋ ਗਿਆ ਹੈ। ਮੇਚੋਕਾ ਹਵਾਈ ਪੱਟੀ ਉੱਤੇ ਸੀ-17 ਗਲੋਬ ਮਾਸਟਰ ਦੇ ਲੈਂਡਿੰਗ ਨਾਲ ਚੀਨ ਸੀਮਾ ਨਾਲ ਲੱਗਦੇ ਇਸ ਖੇਤਰ ਵਿੱਚ ਸੈਨਿਕਾਂ ਦੀ ਆਵਾਜਾਈ ਪਹਿਲਾਂ ਦੇ ਮੁਕਾਬਲੇ ਆਸਾਨ ਹੋ ਜਾਵੇਗੀ। ਇਸ ਦੇ ਨਾਲ ਹੀ ਸੈਨਿਕਾਂ ਤੱਕ ਰਸਦ, ਰਾਸ਼ਨ, ਹਥਿਆਰ ਤੇ ਹੋਰ ਉਪਕਰਨ ਵੀ ਚੀਨ ਸੀਮਾ ਤੱਕ ਭੇਜਣੇ ਆਸਾਨ ਹੋ ਗਏ ਹਨ।

ਭਾਰਤੀ ਹਵਾਈ ਸੈਨਾ ਦੇ ਲਈ ਗਲੋਬ ਮਾਸਟਰ ਦੀ ਸਫਲ ਲੈਂਡਿੰਗ ਇਸ ਲਈ ਵੀ ਖ਼ਾਸ ਹੈ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਲਦਾਖ਼ ਦੇ ਡੇਮਚੋਕ ਇਲਾਕੇ ਵਿੱਚ ਭਾਰਤ ਤੇ ਚੀਨ ਦੇ ਵਿਚਕਾਰ ਟਕਰਾਅ ਚੱਲ ਰਿਹਾ ਹੈ। ਚੀਨ ਦੇ ਸੈਨਿਕਾਂ ਨੇ ਇਸ ਇਲਾਕੇ ਵਿੱਚ ਇੱਕ ਨਾਲੇ ਦੀ ਉਸਾਰੀ ਲਈ ਚੱਲ ਰਿਹਾ ਕੰਮ ਨੂੰ ਰੁਕਵਾ ਦਿੱਤਾ ਸੀ।

ਚੀਨ ਦੀ ਇਸ ਹਰਕਤ ਤੋਂ ਬਾਅਦ ਇੱਥੇ ਤਾਇਨਾਤ ਇੰਡੋ ਤਿੱਬਤ ਬਾਰਡਰ ਫੋਰਸ ਤੇ ਸੈਨਾ ਦੇ ਜਵਾਨਾਂ ਨੇ ਚੀਨ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਮੇਚੋਕਾ ਹਵਾਈ ਪੱਟੀ ਚੀਨ ਦੀ ਸੀਮਾ ਤੋਂ ਮਹਿਜ਼ 29 ਕਿਲੋਮੀਟਰ ਦੀ ਦੂਰੀ ਉੱਤੇ ਹੈ। ਗੁਹਾਟੀ ਤੋਂ ਸੜਕ ਰਸਤੇ ਇਸ ਇਲਾਕੇ ਤੱਕ ਜਾਣ ਲਈ ਦੋ ਦਿਨਾਂ ਦਾ ਸਮਾ ਲੱਗਦਾ ਹੈ।

ਜੇਕਰ ਸੀ 17 ਗਲੋਬਮਾਸਟਰ ਦੀ ਗੱਲ ਕਰੀਏ ਤਾਂ ਇਸ ਨੂੰ ਭਾਰਤ ਨੇ ਅਮਰੀਕਾ ਤੋਂ ਖ਼ਰੀਦਿਆ ਹੈ ਤੇ 2011 ਵਿੱਚ ਇਸ ਨੂੰ ਏਅਰਫੋਰਸ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ 80 ਟਨ ਵਜ਼ਨ ਤੇ 150 ਜਵਾਨਾਂ ਨੂੰ ਲੈ ਕੇ ਉਡਾਰੀ ਭਰ ਸਕਦਾ ਹੈ।